ਆਸਟ੍ਰੇਲੀਆ ਦੀ ਚੀਨ ''ਤੇ ਵੱਡੀ ਕਾਰਵਾਈ, ਰੱਦ ਕੀਤਾ ''ਬੈਲਟ ਐਂਡ ਰੋਡ'' ਪ੍ਰਾਜੈਕਟ
Thursday, Apr 22, 2021 - 07:07 PM (IST)
ਕੈਨਬਰਾ (ਬਿਊਰੋ): ਦੁਨੀਆ ਭਰ ਦੇ ਦੇਸ਼ਾਂ ਨਾਲ ਉਲਝੇ ਚੀਨ ਨੂੰ ਹੁਣ ਆਸਟ੍ਰੇਲੀਆ ਨੇ ਸਬਕ ਸਿਖਾਇਆ ਹੈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੀ ਕੈਬਨਿਟ ਨੇ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਚੀਨ ਦੇ ਅਭਿਲਾਸ਼ੀ ਬੈਲਡ ਐਂਡ ਰੋਡ ਇਨੀਸ਼ੀਏਟਿਵ ਦੇ ਦੋ ਸਮਝੌਤੇ ਰੱਦ ਕਰ ਦਿੱਤੇ ਹਨ। ਜਿਹੜੇ ਦੋ ਸਮਝੌਤੇ ਰੱਦ ਕੀਤੇ ਗਏ ਹਨ ਉਹਨਾਂ ਵਿਚ ਚੀਨੀ ਕੰਪਨੀਆਂ ਆਸਟ੍ਰੇਲੀਆ ਦੇ ਵਿਕਰੋਟਰੀਆ ਸੂਬੇ ਵਿਚ ਦੋ ਬਿਲਡਿੰਗਾਂ ਦੇ ਬੁਨਿਆਦੀ ਢਾਂਚੇ ਤਿਆਰ ਕਰਨ ਵਾਲੀਆਂ ਸਨ।
2018-19 ਵਿਚ ਹੋਇਆ ਸੀ ਸਮਝੌਤਾ
ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਮਾਰਿਸ ਪਾਇਨੇ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਸਮਝੌਤਾ ਚੀਨ ਨਾਲ 2018-19 ਵਿਚ ਕੀਤਾ ਗਿਆ ਸੀ। ਅਸੀਂ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਚੀਨ ਦੇ ਇਸ ਅਭਿਲਾਸ਼ੀ ਪ੍ਰਾਜੈਕਟ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਹੈ। ਉਹਨਾਂ ਨੇ ਦੱਸਿਆ ਕਿ ਨਵਾਂ ਕਾਨੂੰਨ ਸੰਘੀ ਸਰਕਾਰ ਨੂੰ ਹੇਠਲੇ ਪ੍ਰਬੰਧਕੀ ਪੱਧਰ 'ਤੇ ਕੀਤੇ ਗਏ ਉਹਨਾਂ ਅੰਤਰਰਾਸ਼ਟਰੀ ਸਮਝੌਤਿਆਂ ਦੀ ਅਣਦੇਖੀ ਕਰਨ ਦੀਆਂ ਸ਼ਕਤੀਆਂ ਪ੍ਰਦਾਨ ਕਰਦਾ ਹੈ ਜੋ ਰਾਸ਼ਟਰ ਹਿੱਤ ਦੀ ਉਲੰਘਣਾ ਕਰਦੀਆਂ ਹਨ।
ਵਿਦੇਸ਼ ਮੰਤਰੀ ਨੇ ਕਹੀ ਇਹ ਗੱਲ
ਪਾਇਨੇ ਨੇ ਇਕ ਬਿਆਨ ਵਿਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਵਿਵਸਥਾਵਾਂ ਆਸਟ੍ਰੇਲੀਆ ਦੀ ਵਿਦੇਸ਼ ਨੀਤੀ ਨਾਲ ਮੇਲ ਨਹੀਂ ਖਾਂਦੀਆਂ ਜਾਂ ਸਾਡੇ ਵਿਦੇਸ਼ ਸੰਬੰਧਾਂ ਦੇ ਪ੍ਰਤੀਕੂਲ ਹੈ। ਚੀਨ ਨੇ ਪਹਿਲਾਂ ਹੀ ਆਸਟ੍ਰੇਲੀਆ ਨਾਲ ਤਣਾਅ ਵੱਧਣ 'ਤੇ ਵਿਕਟੋਰੀਆ ਨਾਲ ਸਫਲ ਵਿਹਾਰਕ ਸਹਿਯੋਗ ਵਿਚ ਰੁਕਾਵਟ ਪਾਉਣ ਦੀ ਚਿਤਾਵਨੀ ਦਿੱਤੀ ਸੀ, ਜਿਸ ਮਗਰੋਂ ਆਸਟ੍ਰੇਲੀਆ ਨੇ ਵੀ ਚੀਨ ਨੂੰ ਸਬਕ ਸਿਖਾਉਣ ਲਈ ਇਹ ਕਦਮ ਚੁੱਕਿਆ ਹੈ।
ਆਸਟ੍ਰੇਲੀਆ ਨੇ ਕੀਤੀ ਜਵਾਬੀ ਕਾਰਵਾਈ
ਆਸਟ੍ਰੇਲੀਆ ਨੇ 2018 ਵਿਚ ਇਕ ਰਾਸ਼ਟਰੀ ਸੁਰੱਖਿਆ ਕਾਨੂੰਨ ਪਾਸ ਕੀਤਾ ਸੀ ਜੋ ਘਰੇਲੂ ਨੀਤੀਆਂ ਵਿਚ ਗੁਪਤ ਵਿਦੇਸ਼ੀ ਦਖਲ ਨੂੰ ਪਾਬੰਦੀਸ਼ੁਦਾ ਕਰਦਾ ਹੈ। ਬੀਜਿੰਗ ਨੇ ਇਹਨਾਂ ਕਾਨੂੰਨਾਂ ਨੂੰ ਚੀਨ ਦੇ ਪ੍ਰਤੀ ਪੱਖਪਾਤ ਕਰਨ ਵਾਲਾ ਅਤੇ ਚੀਨ-ਆਸਟ੍ਰੇਲੀਆ ਦੇ ਰਿਸ਼ਤਿਆਂ ਵਿਚ ਜ਼ਹਿਰ ਘੋਲਣ ਵਾਲਾ ਕਰਾਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨਵੇਂ ਫ਼ੈਸਲੇ ਤੋਂ ਆਸਟ੍ਰੇਲੀਆ ਅਤੇ ਚੀਨ ਵਿਚਾਲੇ ਤਣਾਅ ਹੋਰ ਜ਼ਿਆਦਾ ਵੱਧ ਸਕਦਾ ਹੈ।
ਨੋਟ- ਆਸਟ੍ਰੇਲੀਆ ਦੀ ਚੀਨ 'ਤੇ ਵੱਡੀ ਕਾਰਵਾਈ, ਰੱਦ ਕੀਤਾ 'ਬੈਲਟ ਐਂਡ ਰੋਡ' ਪ੍ਰਾਜੈਕਟ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।