ਆਸਟ੍ਰੇਲੀਆ ਤੋਂ ਇਪਸਾ ਵੱਲੋਂ ਭਾਰਤੀ ਕਿਸਾਨ ਅੰਦੋਲਨ ਲਈ 2 ਲੱਖ ਦੀ ਸਹਾਇਤਾ

02/10/2021 6:22:38 PM

ਬ੍ਰਿਸਬੇਨ (ਸਤਵਿੰਦਰ ਟੀਨੂੰ): ਭਾਰਤ ਵਿਚ ਕਿਸਾਨੀ ਅੰਦੋਲਨ ਨੇ ਦੇਸ਼ ਵਿਦੇਸ਼ ਵਿਚ ਵੱਸਦੇ ਭਾਈਚਾਰੇ ਦੇ ਲੋਕਾਂ ਵਿਚ ਕਿਸਾਨਾਂ ਦੇ ਹੱਕ ਵਿਚ ਰੋਹ ਭਰੀ ਲਹਿਰ ਖੜ੍ਹੀ ਕਰ ਦਿੱਤੀ ਹੈ। ਜਿੱਥੇ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿਚ ਕਿਸਾਨੀ ਸੰਘਰਸ਼ ਦੇ ਹੱਕ ਵਿਚ ਰੈਲੀਆਂ ਦਾ ਆਯੋਜਨ ਹੋ ਰਿਹਾ ਹੈ, ਉੱਥੇ ਬਾਹਰ ਬੈਠੇ ਹੋਏ ਕਿਸਾਨ ਹਿਤੈਸ਼ੀ ਦਾਨਵੀਰ ਕਿਸਾਨ ਜਥੇਬੰਦੀਆਂ ਦੀ ਮਾਲੀ ਅਤੇ ਮਾਇਕ ਮਦਦ ਵੀ ਕਰ ਰਹੇ ਹਨ। ਆਸਟ੍ਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ ਵੱਲੋਂ ਕਿਸਾਨੀ ਸੰਘਰਸ਼ ਦੇ ਵਰਤਮਾਨ ਹਾਲਾਤ ਅਤੇ ਸਹਿਯੋਗ ਲਈ ਇਕ ਜ਼ਰੂਰੀ ਮੀਟਿੰਗ ਬ੍ਰਿਸਬੇਨ ਦੀ ਇੰਡੋਜ਼ ਪੰਜਾਬੀ ਲਾਇਬਰੇਰੀ ਵਿਖੇ ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਦੇ ਪ੍ਰਧਾਨ ਅਮਰਜੀਤ ਸਿੰਘ ਮਾਹਲ ਦੀ ਪ੍ਰਧਾਨਗੀ ਤਹਿਤ ਕੀਤੀ ਗਈ। 

ਜਿਸ ਵਿੱਚ ਸੰਸਥਾ ਦੇ ਸਰਪ੍ਰਸਤ ਜਰਨੈਲ ਬਾਸੀ, ਕਨਵੀਨਰ ਮਨਜੀਤ ਬੋਪਾਰਾਏ, ਕੋ ਕਨਵੀਨਰ ਰਘਬੀਰ ਸਰਾਏ, ਕੈਸ਼ੀਅਰ ਸਰਬਜੀਤ ਸੋਹੀ, ਜਾਇੰਟ ਸੈਕਟਰੀ ਦੀਪਇੰਦਰ ਸਿੰਘ, ਸਪੋਕਸਮੈਨ ਸਤਵਿੰਦਰ ਟੀਨੂੰ, ਜਨਰਲ ਸਕੱਤਰ ਰੁਪਿੰਦਰ ਸੋਜ਼, ਮੀਤ ਪ੍ਰਧਾਨ ਪਾਲ ਰਾਊਕੇ, ਸਹਾਇਕ ਸਕੱਤਰ ਗੁਰਦੀਪ ਜਗੇੜਾ, ਪਰਮਜੀਤ ਸਿੰਘ ਵਿਰਕ, ਰਣਜੀਤ ਸਿੰਘ ਵਿਰਕ, ਹਰਿੰਦਰ ਸੋਹੀ, ਭੁਪਿੰਦਰ ਸਿੰਘ ਜਟਾਣਾ, ਗਾਇਕ ਮੀਤ ਧਾਲੀਵਾਲ, ਗੁਰਵਿੰਦਰ ਖੱਟੜਾ ਅਤੇ ਇਪਸਾ ਦੇ ਜਨਰਲ ਸਕੱਤਰ ਦਲਵੀਰ ਹਲਵਾਰਵੀ ਆਦਿ ਪ੍ਰਮੁੱਖ ਮੈਂਬਰ ਸ਼ਾਮਿਲ ਹੋਏ। ਮੀਟਿੰਗ ਵਿਚ ਹਾਜ਼ਰ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਮਹਿਸੂਸ ਕੀਤਾ ਕਿ ਕਿਸਾਨ ਜਥੇਬੰਦੀਆਂ ਨੂੰ ਮਾਇਕ ਸਹਾਇਤਾ ਦੀ ਲੋੜ ਹੈ। 

ਪੜ੍ਹੋ ਇਹ ਅਹਿਮ ਖਬਰ- NZ : ਮਾਓਰੀ ਮੈਂਬਰ ਨੂੰ ਟਾਈ ਨਾ ਪਾਉਣ 'ਤੇ ਸੰਸਦ 'ਚੋਂ ਕੱਢਿਆ ਬਾਹਰ, ਰਾਜਨ ਜ਼ੈਡ ਨੇ ਕੀਤੀ ਨਿੰਦਾ

ਅਮਰਜੀਤ ਸਿੰਘ ਮਾਹਲ ਨੇ ਕਿਹਾ ਕਿ ਕਿਸਾਨੀ ਅੰਦੋਲਨ 'ਤੇ 26 ਜਨਵਰੀ ਦੀ ਹੁੱਲੜਬਾਜ਼ੀ ਵਾਲੀ ਘਟਨਾ ਨਾਲ ਜੋ ਪ੍ਰਭਾਵ ਪਿਆ ਸੀ, ਕਿਸਾਨ ਆਗੂ ਮਹਿੰਦਰ ਸਿੰਘ ਟਿਕੈਤ ਦੇ ਪੁੱਤਰ ਰਾਕੇਸ਼ ਟਿਕੈਤ ਨੇ ਉਸ ਨਿਰਾਸ਼ਾ ਨੂੰ ਦੂਰ ਕਰਦਿਆਂ ਮੁੜ ਕਿਸਾਨ ਅੰਦੋਲਨ ਨੂੰ ਮਘਾ ਦਿੱਤਾ ਹੈ। ਪੰਜਾਬੀ ਭਾਈਚਾਰਾ ਅਤੇ ਕਿਸਾਨ ਹਿਤੈਸ਼ੀ ਵਰਗ ਟਿਕੈਤ ਸਾਬ ਦੇ ਰਿਣੀ ਹਨ। ਮੀਟਿੰਗ ਵਿਚ ਭਾਰਤੀ ਸਰਕਾਰ ਦੇ ਹਿਟਲਰਸ਼ਾਹੀ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਕੀਤੀ ਗਈ ਅਤੇ ਆਪਣੇ ਕਿਸਾਨ ਭਰਾਵਾਂ ਦਾ ਹਰ ਤਰ੍ਹਾਂ ਨਾਲ ਸਹਿਯੋਗ ਕਰਨ ਦੀ ਵਚਨਬੱਧਤਾ ਦੁਹਰਾਈ ਗਈ। ਇਸ ਮੌਕੇ ਕੋਰਮ ਵਿਚ ਹਾਜ਼ਰ ਮੈਂਬਰਾਂ ਨੇ ਸਰਬ-ਸੰਮਤੀ ਨਾਲ ਭਾਰਤੀ ਕਿਸਾਨ ਯੂਨੀਅਨ ਰਾਕੇਸ਼ ਟਿਕੈਤ ਗਰੁੱਪ ਨੂੰ 51 ਹਜ਼ਾਰ ਰੁਪੈ, ਸਾਂਝੀ ਸਟੇਜ ਕਮੇਟੀ ਸਿੰਘ ਬਾਡਰ ਨੂੰ 51 ਹਜ਼ਾਰ ਰੁਪੈ, ਕਿਰਤੀ ਕਿਸਾਨ ਯੂਨੀਅਨ ਨਿਰਭੈ ਸਿੰਘ ਢੁੱਡੀਕੇ ਨੂੰ 21 ਹਜ਼ਾਰ ਰੁਪੈ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਡਾ: ਦਰਸ਼ਨਪਾਲ ਨੂੰ 21 ਹਜ਼ਾਰ ਰੁਪੈ ਭੇਜਣ ਦਾ ਫ਼ੈਸਲਾ ਕੀਤਾ। 

ਪੜ੍ਹੋ ਇਹ ਅਹਿਮ ਖਬਰ- ਭੂਟਾਨ 'ਚ ਉਸਾਰੀ ਅਧੀਨ ਡਿੱਗਾ ਪੁਲ, 3 ਭਾਰਤੀਆਂ ਦੀ ਮੌਤ

ਦਿੱਲੀ ਵਿੱਚ ਪੁਲਸ ਤਸ਼ੱਦਦ ਦਾ ਸ਼ਿਕਾਰ ਹੋਈ ਨੌਜਵਾਨ ਆਗੂ ਨੌਦੀਪ ਕੌਰ ਮੁਕਤਸਰ ਦੇ ਪਰਿਵਾਰ ਨੂੰ 21 ਹਜ਼ਾਰ ਰੁਪੈ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੂੰ 12 ਹਜ਼ਾਰ ਰੁਪੈ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੂੰ 12 ਹਜ਼ਾਰ ਰੁਪੈ ਅਤੇ ਕਿਰਤੀ ਕਿਸਾਨ ਯੂਨੀਅਨ ਇਕਾਈ ਤਹਿਸੀਲ ਬਾਬਾ ਬਕਾਲਾ ਨੂੰ 11 ਹਜ਼ਾਰ ਰੁਪੈ ਭੇਜੇ ਗਏ। ਇਸ ਸਹਾਇਤਾ ਵਿੱਚ ਬਿਗਾ ਵੈਲੀ ਨਿਊ ਸਾਊਥ ਵੇਲਜ ਤੋਂ ਬਲਵੰਤ ਸਾਨੀਪੁਰ ਨੇ ਇਪਸਾ ਦੀ ਸ਼ਲਾਘਾ ਕਰਦਿਆਂ 1700 ਡਾਲਰ ਦੀ ਰਾਸ਼ੀ ਭੇਜੀ।ਇਪਸਾ ਵੱਲੋਂ ਜ਼ਾਰੀ ਸਹਾਇਤਾ ਰਾਸ਼ੀ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾਈ ਪ੍ਰਧਾਨ ਜਰਮਨਜੀਤ ਸਿੰਘ ਛੱਜਲਵੱਢੀ ਰਾਹੀਂ ਦਿੱਲੀ ਯੂਨੀਅਨ ਆਗੂਆਂ ਤੱਕ ਪੁੱਜਦੀ ਕਰ ਦਿੱਤੀ ਜਾਵੇਗੀ।

ਨੋਟ- ਆਸਟ੍ਰੇਲੀਆ ਤੋਂ ਇਪਸਾ ਵੱਲੋਂ ਭਾਰਤੀ ਕਿਸਾਨ ਅੰਦੋਲਨ ਲਈ 2 ਲੱਖ ਦੀ ਸਹਾਇਤਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News