ਆਸਟ੍ਰੇਲੀਆ, ਕੈਨੇਡਾ, ਅਮਰੀਕਾ ''ਤੇ ਬ੍ਰਿਟੇਨ ਨੇ ਹਾਂਗਕਾਂਗ ''ਚ ਗ੍ਰਿਫ਼ਤਾਰੀ ਦੀ ਕੀਤੀ ਸਖ਼ਤ ਨਿੰਦਾ
Sunday, Jan 10, 2021 - 05:55 PM (IST)
ਵਾਸ਼ਿੰਗਟਨ/ਸਿਡਨੀ (ਬਿਊਰੋ): ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਸ਼ਨੀਵਾਰ ਨੂੰ ਆਸਟ੍ਰੇਲੀਆ, ਕੈਨੇਡਾ ਅਤੇ ਯੂਨਾਈਟਿਡ ਕਿੰਗਡਮ ਦੇ ਵਿਦੇਸ਼ ਮੰਤਰੀਆਂ ਦੇ ਨਾਲ ਹਾਂਗਕਾਂਗ ਵਿਚ 55 ਸਿਆਸਤਦਾਨਾਂ ਅਤੇ ਕਾਰਕੁਨਾਂ ਦੀ ਸਮੂਹਿਕ ਗ੍ਰਿਫ਼ਤਾਰੀ 'ਤੇ ਗੰਭੀਰ ਚਿੰਤਾ ਜ਼ਾਹਰ ਕੀਤੀ। ਉਹਨਾਂ ਨੇ ਚੀਨੀ ਅਧਿਕਾਰੀਆਂ ਨੂੰ ਖੇਤਰ ਵਿਚ ਲੋਕਾਂ ਦੇ ਕਾਨੂੰਨੀ ਅਧਿਕਾਰਾਂ ਅਤੇ ਆਜ਼ਾਦੀ ਦਾ ਸਨਮਾਨ ਕਰਨ ਲਈ ਕਿਹਾ ਹੈ। ਇਕ ਸੰਯੁਕਤ ਬਿਆਨ ਵਿਚ ਅਧਿਕਾਰੀਆਂ ਨੇ ਕਿਹਾ ਕਿ ਆਸਟ੍ਰੇਲੀਆ, ਕੈਨੈਡਾ ਅਤੇ ਯੂਨਾਈਟਿਡ ਕਿੰਗਡਮ ਸੰਯੁਕਤ ਰਾਜ ਅਮਰੀਕਾ ਦੇ ਵਿਦੇਸ਼ ਮੰਤਰੀਆਂ ਨੇ ਹਾਂਗਕਾਂਗ ਵਿਚ 55 ਸਿਆਸਤਦਾਨਾਂ ਅਤੇ ਕਾਰਕੁਨਾਂ ਦੀ ਸਮੂਹਿਕ ਗ੍ਰਿਫ਼ਤਾਰੀ 'ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ।
ਉਹਨਾਂ ਨੇ ਅੱਗੇ ਕਿਹਾ ਕਿ ਪਿਛਲੇ ਸਾਲ 1 ਜੁਲਾਈ ਨੂੰ ਹਾਂਗਕਾਂਗ ਵਿਚ ਲਾਗੂ ਕੀਤਾ ਗਿਆ ਰਾਸ਼ਟਰੀ ਸੁਰੱਖਿਆ ਕਾਨੂੰਨ ਚੀਨ-ਬ੍ਰਿਟਿਸ਼ ਸੰਯੁਕਤ ਘੋਸ਼ਣਾ ਦੀ ਸਪੱਸ਼ਟ ਉਲੰਘਣਾ ਹੈ ਅਤੇ ਇਕ ਦੇਸ਼, ਦੋ ਵਿਵਸਥਾਵਾਂ ਦੇ ਢਾਂਚੇ ਨੂੰ ਕਮਜ਼ੋਰ ਕਰਦਾ ਹੈ। ਸੰਯੁਕਤ ਬਿਆਨ ਵਿਚ ਕਿਹਾ ਗਿਆ ਹੈਕਿ ਰਾਸ਼ਟਰੀ ਸੁਰੱਖਿਆ ਕਾਨੂੰਨ ਨੇ ਲੋਕਾਂ ਦੇ ਅਧਿਕਾਰਾਂ 'ਤੇ ਅੰਕੁਸ਼ ਲਗਾਇਆ ਹੈ ਅਤੇ ਇਸ ਦੀ ਵਰਤੋਂ ਹਾਂਗਕਾਂਗ ਦੇ ਲੋਕਾਂ ਦੀ ਆਜ਼ਾਦੀ ਨੂੰ ਖਤਮ ਕਰਨ ਦੇ ਲਈ ਕੀਤੀ ਜਾ ਰਹੀ ਹੈ। 50 ਤੋਂ ਵੱਧ ਵਿਰੋਧੀ ਧਿਰ ਦੇ ਸਾਂਸਦਾਂ ਅਤੇ ਕਾਰਕੁਨਾਂ ਨੂੰ ਬੁੱਧਵਾਰ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਉਲੰਘਣਾ ਕਰਨ ਦੇ ਸ਼ੱਕ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਹਾਂਗਕਾਂਗ ਵਿਚ ਗ੍ਰਿਫ਼ਤਾਰ ਮਨੁੱਖੀ ਅਧਿਕਾਰ ਮਾਮਲਿਆਂ ਦੇ ਅਮਰੀਕੀ ਵਕੀਲ ਜੌਨ ਕਲੇਂਸੀ ਨੂੰ ਅਦਾਲਤ ਨੇ ਜਮਾਨਤ ਦੇ ਦਿੱਤੀ ਹੈ। ਜੌਨ ਨੂੰ ਲੋਕਤੰਤਰ ਕਾਰਕੁਨਾਂ ਅਤੇ ਸਮਰਥਕਾਂ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਂਗਕਾਂਗ ਵਿਚ ਬੁੱਧਵਾਰ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ 53 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹਨਾਂ ਵਿਚ ਜੌਨ ਕਲੇਂਸੀ ਵੀ ਸ਼ਾਮਲ ਸਨ। ਪੁਲਸ ਦਾ ਮੰਨਣਾ ਹੈ ਕਿ ਇਹਨਂ ਸਾਰਿਆਂ 'ਤੇ ਪਿਛਲੇ ਸਾਲ ਸਰਕਾਰ ਦੇ ਕੰਮਾਂ ਵਿਚ ਰੁਕਾਵਟ ਪਾਉਣ ਅਤੇ ਰਾਜ ਦੇ ਖਿਲਾਫ਼ ਕੰਮ ਕਰਨ ਦਾ ਦੋਸ਼ ਹੈ। ਜੌਨ ਕਲੇਂਸੀ ਇੱਥੇ ਲਾਅ ਫਰਮ ਵਿਚ ਕੰਮ ਕਰਦੇ ਹਨ। ਇੱਥੇ ਦੱਸ ਦਈਏ ਕਿ ਹਾਂਗਕਾਂਗ ਵਿਚ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਹੋਣ ਦੇ ਵਿਰੋਧ ਵਿਚ ਲੋਕਤੰਤਰ ਸਮਰਥਕਾਂ ਨੇ ਜ਼ਬਰਦਸਤ ਅੰਦੋਲਨ ਚਲਾਇਆ। ਸਰਕਾਰ ਦੇ ਵਿਰੋਧ ਵਿਚ ਪਿਛਲੇ ਸਾਲ ਭਰ ਇਹ ਅੰਦਲੋਨ ਚੱਲਦਾ ਰਿਹਾ। ਇਸ ਅੰਦੋਲਨ ਵਿਚ ਕਲੇਂਸੀ ਦੀ ਸਰਗਰਮ ਭੂਮਿਕਾ ਰਹੀ ਸੀ। ਲੋਕਤੰਤਰ ਸਮਰਥਕਾਂ ਦੇ ਇਸ ਅੰਦੋਲਨ ਵਿਚ ਉਹ ਰਾਜਨੀਤਕ ਸੰਗਠਨ ਦੇ ਖਜਾਨਚੀ ਹਨ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।