ਆਸਟ੍ਰੇਲੀਆ : ਬਾਲਣ ਟੈਂਕਰ ''ਚ ਲੱਗੀ ਅੱਗ, ਇਕ ਵਿਅਕਤੀ ਦੀ ਮੌਤ
Friday, Oct 16, 2020 - 03:13 PM (IST)

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਐਡੀਲੇਡ ਸ਼ਹਿਰ ਦੇ ਨੇੜੇ ਇਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਬੀਤੀ ਰਾਤ ਬਾਲਣ ਟੈਂਕਰ ਵਿਚ ਅੱਗ ਲੱਗ ਗਈ। ਇਸ ਹਾਦਸੇ ਵਿਚ 59 ਸਾਲਾ ਡਰਾਈਵਰ ਮਾਰਿਆ ਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਹਵਾ ਵਿਚ 20 ਮੀਟਰ ਤੱਕ ਅੱਗ ਦੀਆਂ ਲਪਟਾਂ ਨੂੰ ਦੇਖਿਆ ਗਿਆ।
ਐਮਰਜੈਂਸੀ ਸੇਵਾਵਾਂ ਨੇ ਦੱਸਿਆ ਕਿ 14,000-ਲਿਟਰ ਦਾ ਟੈਂਕਰ, ਜਿਸ ਨੂੰ ਮੰਨਿਆ ਜਾਂਦਾ ਹੈ ਕਿ ਉਹ ਡੀਜ਼ਲ ਲਿਜਾ ਰਿਹਾ ਸੀ, ਆਪਣਾ ਸੰਤੁਲਨ ਗਵਾਉਣ ਮਗਰੋਂ ਇੱਕ ਰੁੱਖ ਨਾਲ ਜਾ ਟਕਰਾਇਆ ਅਤੇ ਰੁੜ੍ਹ ਗਿਆ।ਇਸ ਮਗਰੋਂ ਉਸ ਵਿਚ ਜ਼ਬਰਦਸਤ ਅੱਗ ਲੱਗ ਗਈ। ਹਾਦਸਾ ਬੀਤੀ ਕੱਲ ਰਾਤ 11 ਵਜੇ ਐਡੀਲੇਡ ਪਹਾੜੀਆਂ ਦੇ ਮੈਡੋਜ਼ ਵਿਚ ਵਾਪਰਿਆ। ਦੱਖਣੀ ਆਸਟ੍ਰੇਲੀਆ ਕੰਟਰੀ ਫਾਇਰ ਸਰਵਿਸ ਨੇ ਦੱਸਿਆ ਕਿ ਅੱਗ ਬੁਝਾਉਣ ਵਾਲੇ 70 ਕਰਮਚਾਰੀਆਂ ਨੇ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ। ਦੱਖਣੀ ਆਸਟ੍ਰੇਲੀਆ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਸ ਨੇ ਦੱਸਿਆ ਕਿ ਨਜ਼ਦੀਕੀ ਈਚੁੰਗਾ ਦਾ ਰਹਿਣ ਵਾਲਾ ਵਿਅਕਤੀ ਘਟਨਾ ਵਾਲੀ ਥਾਂ 'ਤੇ ਮਰ ਗਿਆ। ਅੱਗ ਇੰਨੀ ਜ਼ਬਰਦਸਤ ਸੀ ਕਿ ਇਸ ਨੇ ਸੜਕ ਬਰੁਕਮੈਨ ਰੋਡ ਨੂੰ ਨੁਕਸਾਨ ਪਹੁੰਚਾਇਆ, ਜੋ ਅੱਜ ਵੀ ਬੰਦ ਹੈ। ਵਾਤਾਵਰਣ ਸੁਰੱਖਿਆ ਅਥਾਰਿਟੀ ਦਾ ਸਟਾਫ ਡੀਜ਼ਲ ਦੇ ਫੈਲਣ ਦੀ ਜਾਂਚ ਕਰ ਰਿਹਾ ਹੈ।