ਆਸਟ੍ਰੇਲੀਆ ''ਚ ਚੀਨੀ ਦੂਤਘਰ ਦੇ ਬਾਹਰ ਸੈਂਕੜੇ ਲੋਕਾਂ ਨੇ ਕੀਤਾ ਪ੍ਰਦਰਸ਼ਨ
Tuesday, Mar 30, 2021 - 11:38 AM (IST)
ਐਡੀਲੇਡ (ਬਿਊਰੋ): ਸ਼ਿਨਜਿਆਂਗ ਵਿਚ ਉਇਗਰ ਮੁਸਲਮਾਨਾਂ ਖ਼ਿਲਾਫ਼ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਵਿਰੋਧ ਵਿਚ ਸੈਂਕੜੇ ਲੋਕ ਮੰਗਲਵਾਰ ਨੂੰ ਐਡੀਲੇਡ ਵਿਚ ਚੀਨੀ ਦੂਤਘਰ ਦੇ ਬਾਹਰ ਇਕੱਠੇ ਹੋਏ। ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਇੱਥੇ ਨਵੇਂ ਬਣੇ ਚੀਨੀ ਦੂਤਘਰ ਦੇ ਬਾਹਰ ਹਿੰਸਕ ਦ੍ਰਿਸ਼ਾਂ ਦੇ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕੀਤੀਆਂ, ਜਿੱਥੇ ਲੋਕਾਂ ਨੇ ਨਾਅਰੇ ਲਗਾਏ ਅਤੇ ਪੂਰਬੀ ਤੁਰਕਿਸਤਾਨ ਦੇ ਝੰਡੇ ਫੜੇ ਹੋਏ ਸਨ। ਇੱਥੇ ਦੱਸ ਦਈਏ ਕਿ ਐਡੀਲੇਡ ਵਿਚ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਉਇਗਰ ਆਬਾਦੀ ਹੈ, ਜਿੱਥੇ ਚੀਨੀ ਜਾਸੂਸੀ ਦੀ ਖਦਸ਼ਾ ਜਤਾਇਆ ਜਾ ਰਿਹਾ ਹੈ।
ਉੱਥੇ ਕਈ ਲੋਕਾਂ ਨੇ ਰਾਸ਼ਟਰੀ ਸੁਰੱਖਿਆ ਦਾ ਡਰ ਹੋਣ ਕਾਰਨ ਚੀਨੀ ਦੂਤਘਰ ਖੋਲ੍ਹਣ ਦਾ ਵਿਰੋਧ ਕੀਤਾ ਹੈ। ਦੱਖਣੀ ਆਸਟ੍ਰੇਲੀਆ ਦੇ ਇਕ ਸੁਤੰਤਰ ਸੈਨੇਟਰ ਰੇਕਸ ਪੈਟ੍ਰਿਕ ਨੇ ਟਵੀਟ ਕੀਤਾ ਕਿ ਐਡੀਲੇਡ ਵਿਚ ਚੀਨ ਦਾ ਨਵਾਂ ਦੂਤਘਰ ਸਾਡੇ ਨੇਵਲ ਜਹਾਜ਼ ਨਿਰਮਾਣ ਪ੍ਰਾਜੈਕਟਾਂ ਅਤੇ ਐੱਸ.ਏ. ਆਧਾਰਿਤ ਰੱਖਿਆ ਉਦਯੋਗਾਂ ਲਈ ਇਕ ਸਪਸ਼ੱਟ ਖਤਰਾ ਹੈ। ਇਸ ਨੂੰ ਕਦੇ ਨਹੀਂ ਖੋਲ੍ਹਿਆ ਜਾਣਾ ਚਾਹੀਦਾ ਸੀ ਅਤੇ ਇਸ ਨੂੰ ਬੰਦ ਕਰ ਦੇਣਾ ਚਾਹੀਦ ਹੈ। ਆਸਟ੍ਰੇਲੀਆ ਦੀ ਰਾਸ਼ਟਰੀ ਸੁਰੱਖਿਆ ਤਰਜੀਹ 'ਤੇ ਹੋਣੀ ਚਾਹੀਦੀ ਹੈ।
ਪੜ੍ਹੋ ਇਹ ਅਹਿਮ ਖਬਰ-ਸਵੇਜ਼ ਨਹਿਰ 'ਚ ਫਸਿਆ ਕੰਟੇਨਰ ਜਹਾਜ਼ ਨਿਕਲਣ ਮਗਰੋਂ ਖੁੱਲ੍ਹਿਆ ਜਲਮਾਰਗ, ਕਰੂ ਮੈਂਬਰਾਂ 'ਤੇ ਹੋ ਸਕਦੀ ਹੈ ਕਾਰਵਾਈ
ਇੱਥੇ ਦੱਸ ਦਈਏ ਕਿ ਉਇਗਰ ਮੁਸਲਮਾਨਾਂ ਨੂੰ ਪਰੇਸ਼ਾਨ ਕਰਨ ਲਈ ਚੀਨ ਨੂੰ ਵਿਸ਼ਵ ਪੱਧਰ 'ਤੇ ਫਟਕਾਰ ਲਗਾਈ ਗਈ ਹੈ। ਚੀਨ 'ਤੇ ਸਮੂਹਿਕ ਕੈਦੀ ਕੈਂਪਾਂ ਵਿਚ ਭੇਜਣ, ਉਹਨਾਂ ਦੀਆਂ ਧਾਰਮਿਕ ਗਤੀਵਿਧੀਆਂ ਵਿਚ ਦਖਲ ਅੰਦਾਜ਼ੀ ਕਰਨ ਅਤੇ ਭਾਈਚਾਰੇ ਦੇ ਮੈਂਬਰਾਂ ਨੂੰ ਜ਼ਬਰੀ ਸਿੱਖਿਆ ਦੇਣ ਜਾਂ ਸਵਦੇਸ਼ੀਕਰਨ ਦੇ ਕਿਸੇ ਨਾ ਕਿਸੇ ਰੂਪ ਵਿਚੋਂ ਲੰਘਣ ਦਾ ਦੋਸ਼ ਲਗਾਇਆ ਗਿਆ ਹੈ। ਦੂਜੇ ਪਾਸੇ ਬੀਜਿੰਗ ਨੇ ਸ਼ਿਨਜਿਆਂਗ ਵਿਚ ਮਨੁੱਖੀ ਅਧਿਕਾਰਾਂ ਦਾ ਘਾਣ ਹੋਣ ਦੇ ਦਾਅਵੇ ਨੂੰ ਖਾਰਿਜ ਕੀਤਾ ਹੈ। ਜਦਕਿ ਪੱਤਰਕਾਰਾਂ, ਗੈਰ ਸਰਕਾਰੀ ਸੰਗਠਨਾਂ ਅਤੇ ਸਾਬਕਾ ਕੈਦੀਆਂ ਦੀ ਰਿਪੋਰਟ ਸਾਹਮਣੇ ਆਈ ਹੈ, ਜੋ ਨਸਲੀ ਭਾਈਚਾਰੇ 'ਤੇ ਚੀਨੀ ਕਮਿਊਨਿਸਟ ਪਾਰਟੀ ਦੀ ਬੇਰਹਿਮ ਕਾਰਵਾਈ ਨੂੰ ਉਜਾਗਰ ਕਰਦੀ ਹੈ।
ਪਿਛਲੇ ਹਫ਼ਤੇ ਸੰਯੁਕਤ ਰਾਜ ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਨੇ ਸ਼ਿਨਜਿਆਂਗ ਵਿਚ ਉਇਗਰ ਮੁਸਲਮਾਨਾਂ ਖ਼ਿਲਾਫ਼ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਦੁਰਵਿਵਹਾਰ ਲਈ ਚੀਨ ਨੂੰ ਫਟਕਾਰ ਲਗਾਈ ਸੀ। ਇੱਥੇ ਦੱਸ ਦਈਏ ਕਿ ਸ਼ਿਨਜਿਆਂਗ ਵਿਚ ਉਇਗਰ ਮੁਸਲਮਾਨਾਂ ਖ਼ਿਲਾਫ਼ ਵੱਡੇ ਪੱਧਰ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅੰਤਰਰਾਸ਼ਟਰੀ ਭਾਈਚਾਰੇ ਵਿਚ ਚਰਚਾ ਦਾ ਮੁੱਖ ਬਿੰਦੂ ਬਣ ਗਿਆ ਹੈ।
ਨੋਟ- ਆਸਟ੍ਰੇਲੀਆ 'ਚ ਚੀਨੀ ਦੂਤਘਰ ਦੇ ਬਾਹਰ ਸੈਂਕੜੇ ਲੋਕਾਂ ਨੇ ਕੀਤਾ ਪ੍ਰਦਰਸ਼ਨ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।