ਇਪਸਾ ਵੱਲੋਂ ਬ੍ਰਿਸਬੇਨ ਵਿਖੇ ਬਿੱਕਰ ਬਾਈ ਦੀ ਕਿਤਾਬ ‘ਬੋਲ ਪਏ ਅਲਫਾਜ਼’ ਲੋਕ ਅਰਪਣ

09/27/2020 6:12:59 PM

ਬ੍ਰਿਸਬੇਨ (ਸਤਵਿੰਦਰ ਟੀਨੂੰ): ਆਸਟ੍ਰੇਲੀਆ ਦੀ ਪਿਛਲੇ ਅਰਧ ਦਹਾਕੇ ਤੋਂ ਸਰਗਰਮ ਅਤੇ ਗਲੋਬਲੀ ਪੰਜਾਬ ਦੇ ਸੰਕਲਪ ਨੂੰ ਪਰਣਾਈ ਹੋਈ ਵਿਸ਼ਵ ਪੱਧਰੀ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ ਵੱਲੋਂ ਕੋਰੋਨਾ ਸੰਕਟ ਕਾਰਨ ਲੱਗੀਆਂ ਪੁਨਰ ਰੋਕਾਂ ਦੇ ਖੁੱਲ੍ਹਦੇ ਹੀ ਕੁਈਨਜਲੈਂਡ ਦੀ ਰਾਜਧਾਨੀ ਬ੍ਰਿਸਬੇਨ ਦੀ ਇੰਡੋਜ਼ ਪੰਜਾਬੀ ਲਾਇਬਰੇਰੀ ਇਨਾਲਾ ਵਿਖੇ ਇਕ ਸਾਹਿਤਕ ਸਮਾਗਮ ਰਚਾਇਆ ਗਿਆ। ਜਿਸ ਵਿੱਚ ਮੈਲਬੌਰਨ ਵੱਸਦੇ ਕਵੀ/ਗੀਤਕਾਰ ਬਿੱਕਰ ਬਾਈ ਦੀ ਪਲੇਠੀ ਕਾਵਿ ਪੁਸਤਕ ‘ਬੋਲ ਪਏ ਅਲਫਾਜ਼’ ਦਾ ਲੋਕ ਅਰਪਣ ਕੀਤਾ ਗਿਆ ਅਤੇ ਹਾਜ਼ਰੀਨ ਕਵੀਆਂ ਵੱਲੋਂ ਕਵਿਤਾ ਦਾ ਪਾਠ ਕੀਤਾ ਗਿਆ। 

ਬਿੱਕਰ ਬਾਈ ਜੋ ਕਿ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਹਿੱਤ ਮੈਲਬੌਰਨ ਵਿੱਚ ਯਤਨਸ਼ੀਲ ਹੈ ਅਤੇ ਕਲਮ ਰਾਹੀਂ ਵੀ ਪੰਜਾਬੀਅਤ ਦੀ ਸੇਵਾ ਵਿੱਚ ਸ਼ਬਦ ਸਾਧਕ ਵਜੋਂ ਯੋਗਦਾਨ ਪਾ ਰਿਹਾ ਹੈ, ਉਸ ਦੀ ਕਿਤਾਬ ਬਾਰੇ ਬੋਲਦਿਆਂ ਇਪਸਾ ਦਾ ਜਨਰਲ ਸਕੱਤਰ ਸਰਬਜੀਤ ਸੋਹੀ ਨੇ ਕਿਹਾ ਕਿ ਬਿੱਕਰ ਬਾਈ ਦੀ ਕਾਵਿ ਸ਼ੈਲੀ ਬਿਲਕੁਲ ਸਾਧਾਰਨ, ਮਲਵੱਈ ਰੰਗ ਨਾਲ ਲਬਰੇਜ਼ ਅਤੇ ਲੋਕ ਸਮਝ ਦੇ ਬਹੁਤ ਨੇੜੇ ਹੈ।ਇਸ ਸਮਾਗਮ ਦੇ ਦੂਸਰੇ ਹਿੱਸੇ ਵਿੱਚ ਰਚਾਏ ਗਏ ਕਵੀ ਦਰਬਾਰ ਵਿੱਚ ਆਤਮਾ ਸਿੰਘ ਹੇਅਰ, ਰਛਪਾਲ ਸਿੰਘ ਸਰਨਾ, ਰੁਪਿੰਦਰ ਸੋਜ਼, ਸਰਬਜੀਤ ਸੋਹੀ, ਪਾਲ ਰਾਊਕੇ, ਤਜਿੰਦਰ ਭੰਗੂ, ਦਲਵੀਰ ਹਲਵਾਰਵੀ ਆਦਿ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ। 

ਪੜ੍ਹੋ ਇਹ ਅਹਿਮ ਖਬਰ- ਪਾਕਿ ਸਥਿਤ ਰਾਜ ਕਪੂਰ ਤੇ ਦਿਲੀਪ ਕੁਮਾਰ ਦੇ ਜੱਦੀ ਘਰਾਂ ਨੂੰ ਖਰੀਦੇਗੀ ਸੂਬਾਈ ਸਰਕਾਰ

ਇਸ ਮੌਕੇ ਹੋਰਨਾਂ ਤੋਂ ਬਿਨਾ ਮਨਜੀਤ ਬੋਪਾਰਾਏ, ਅਮਰਜੀਤ ਮਾਹਲ, ਤਰਸੇਮ ਸਿੰਘ ਸਹੋਤਾ, ਪ੍ਰੀਤਮ ਸਿੰਘ ਝੱਜ, ਅਜੈਬ ਸਿੰਘ ਵਿਰਕ, ਬਲਵਿੰਦਰ ਕੌਰ, ਰਣਜੀਤ ਸਿੰਘ ਵਿਰਕ, ਸਤਵਿੰਦਰ ਸਿੰਘ ਟੀਨੂੰ, ਸ਼ਮਸ਼ੇਰ ਸਿੰਘ ਚੀਮਾਬਾਠ ਆਦਿ ਹਾਜ਼ਰ ਸਨ। ਮਨਜੀਤ ਬੋਪਾਰਾਏ ਨੇ ਬੋਲਦਿਆਂ ਦੱਸਿਆ ਕਿ ਇਪਸਾ ਦਾ ਸਾਹਿਤਕ ਕਾਫ਼ਲਾ ਇਵੇਂ ਹੀ ਅੱਗੇ ਵੱਧਦਾ ਰਹੇਗਾ। ਆਉਣ ਵਾਲੇ ਸਮਿਆਂ ਵਿੱਚ ਇਪਸਾ ਦਾ ਦਾਇਰਾ ਹੋਰ ਵਿਸ਼ਾਲ ਕੀਤਾ ਜਾਏਗਾ ਅਤੇ ਜਲਦੀ ਇੰਡੋਜ਼ ਪੰਜਾਬੀ ਲਾਇਬਰੇਰੀ ਵਿੱਚ ਸਾਹਿਤ ਅਤੇ ਕਲਾ ਨਾਲ ਸੰਬੰਧਿਤ ਮਰਹੂਮ ਹਸਤੀਆਂ ਦੇ 120 ਦੇ ਕਰੀਬ ਪੋਰਟਰੇਟ ਸਥਾਪਿਤ ਕੀਤੇ ਜਾਣਗੇ। ਸਟੇਜ ਸੈਕਟਰੀ ਦੀ ਭੂਮਿਕਾ ਦਲਵੀਰ ਹਲਵਾਰਵੀ ਜੀ ਵੱਲੋਂ ਬਾਖੂਬੀ ਨਾਲ ਨਿਭਾਈ ਗਈ।


Vandana

Content Editor

Related News