ਆਸਟ੍ਰੇਲੀਆ ਦਾ ਪਹਿਲਾ ਦੋਸ਼ੀ ਅੱਤਵਾਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਜੇਲ੍ਹ ''ਚ ਰਹੇਗਾ : ਹਾਈ ਕੋਰਟ
Wednesday, Feb 10, 2021 - 06:22 PM (IST)
ਸਿਡਨੀ (ਬਿਊਰੋ): ਆਸਟ੍ਰੇਲੀਆ ਵਿਖੇ ਹਾਈ ਕੋਰਟ ਨੇ ਦੋਸ਼ੀ ਅੱਤਵਾਦੀ ਅਬਦੁੱਲ ਨਸੇਰ ਬੇਨਬ੍ਰਿਕਾ ਮਾਮਲੇ ਵਿਚ ਫ਼ੈਸਲਾ ਸੁਣਾਇਆ ਹੈ। ਅਦਾਲਤ ਦੇ ਫ਼ੈਸਲੇ ਮੁਤਾਬਕ ਦੋਸ਼ੀ ਅੱਤਵਾਦੀ ਬੇਨਬ੍ਰਿਕਾ, ਜਿਸ ਨੇ ਏ.ਐਫ.ਐਲ. ਦੇ ਫਾਈਨਲ ਮੁਕਾਬਲੇ ਮੌਕੇ ਹਮਲਾ ਕਰਨ ਦੀ ਸਾਜਿਸ਼ ਰਚੀ ਸੀ, ਆਪਣੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਜੇਲ੍ਹ ਵਿਚ ਰਹੇਗਾ।
2009 ਵਿਚ ਬੇਨਬ੍ਰਿਕਾ ਨੂੰ 15 ਸਾਲ ਕੈਦ ਦੀ ਸਜ਼ਾ 12 ਸਾਲ ਗੈਰ ਪੈਰੋਲ ਦੀ ਮਿਆਦ ਦੇ ਨਾਲ ਸਜ਼ਾ ਸੁਣਾਈ ਗਈ ਸੀ।ਬੇਨਬ੍ਰਿਕਾ ਦੀ ਸਜ਼ਾ 5 ਨਵੰਬਰ ਨੂੰ ਖਤਮ ਹੋ ਗਈ ਸੀ ਪਰ ਵਿਕਟੋਰੀਅਨ ਸੁਪਰੀਮ ਕੋਰਟ ਦੇ ਇੱਕ ਅੰਤਰਿਮ ਆਦੇਸ਼ ਦੇ ਤਹਿਤ ਉਸ ਨੂੰ ਸਲਾਖਾਂ ਪਿੱਛੇ ਰੱਖਿਆ ਗਿਆ ਸੀ। ਸੁਪਰੀਮ ਕੋਰਟ ਨੇ ਪਾਇਆ ਕਿ ਬੇਨਬ੍ਰਿਕਾ ਨੇ ਆਪਣੇ ਕੱਟੜਪੰਥੀ ਵਿਚਾਰ ਨਹੀਂ ਤਿਆਗੇ ਸਨ ਅਤੇ ਉਸ ਵੱਲੋਂ ਮੁੜ ਸੰਗਠਨ ਬਣਾਏ ਜਾਣ ਦਾ ਉੱਚ ਜੋਖਮ ਸੀ। ਹਾਈ ਕੋਰਟ ਨੇ ਅੱਜ ਫ਼ੈਸਲਾ ਸੁਣਾਇਆ ਅਤੇ ਆਪਣੇ ਪਹਿਲੇ ਫੈ਼ਸਲੇ ਨੂੰ ਬਰਕਰਾਰ ਰੱਖਿਆ।ਗੌਗਤਲਬ ਹੈ ਕਿ ਬੇਨਬ੍ਰਿਕਾ ਆਸਟ੍ਰੇਲੀਆ ਵਿਚ ਪਹਿਲਾ ਦੋਸ਼ੀ ਅੱਤਵਾਦੀ ਆਗੂ ਸੀ।
ਪੜ੍ਹੋ ਇਹ ਅਹਿਮ ਖਬਰ- ਟਰੰਪ ਖ਼ਿਲਾਫ਼ ਮਹਾਦੋਸ਼ ਦੀ ਸੰਵਿਧਾਨਿਕਤਾ 'ਤੇ ਸੈਨੇਟ ਨੇ ਲਗਾਈ ਮੁਹਰ
ਹਾਈ ਕੋਰਟ ਦੇ ਫ਼ੈਸਲੇ ਦੇ ਸੰਖੇਪ ਵਿਚ ਲਿਖਿਆ ਗਿਆ ਹੈ ਕਿ 15 ਸਤੰਬਰ, 2008 ਨੂੰ ਅਬਦੁੱਲ ਨਸੇਰ ਬੇਨਬ੍ਰਿਕਾ ਨੂੰ ਸੁਪਰੀਮ ਕੋਰਟ ਆਫ ਵਿਕਟੋਰੀਆ ਨੇ ਅੱਤਵਾਦੀ ਸੰਗਠਨ ਦਾ ਮੈਂਬਰ ਬਣਨ ਅਤੇ ਅੱਤਵਾਦੀ ਸੰਗਠਨ ਦੀਆਂ ਗਤੀਵਿਧੀਆਂ ਦੇ ਨਿਰਦੇਸ਼ ਦੇਣ ਲਈ ਦੋਸ਼ੀ ਠਹਿਰਾਇਆ ਸੀ। ਮੁਕੱਦਮੇ ਸਮੇਂ, ਕ੍ਰਾਊਨ ਕੇਸ ਇਹ ਸੀ ਕਿ ਬੇਨਬ੍ਰਿਕਾ ਅਤੇ ਹੋਰ ਮੈਲਬੌਰਨ ਅਧਾਰਿਤ ਅੱਤਵਾਦੀ ਸੰਗਠਨ ਦੇ ਮੈਂਬਰ ਸਨ ਜੋ ਆਸਟ੍ਰੇਲੀਆ ਜਾਂ ਵਿਦੇਸ਼ਾ ਵਿਚ ਅੱਤਵਾਦੀ ਕਾਰਵਾਈਆਂ ਨੂੰ ਉਤਸ਼ਾਹਿਤ ਕਰ ਰਹੇ ਸਨ।ਬੇਨਬ੍ਰਿਕਾ ਨੂੰ 2005 ਵਿਚ ਏਐਫਐਲ ਦੇ ਗ੍ਰੈਂਡ ਫਾਈਨਲ ਦੇ ਨਾਲ-ਨਾਲ ਸਿਡਨੀ ਦੇ ਲੂਕਾਸ ਪਹਾੜੀ ਪਰਮਾਣੂ ਰਿਐਕਟਰ ਉੱਤੇ ਹਮਲਾ ਕਰਨ ਦੀ ਸਾਜਿਸ਼ ਰਚਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਪਿਛਲੇ ਸਾਲ ਉਸ ਦੀ ਆਸਟ੍ਰੇਲੀਆਈ ਨਾਗਰਿਕਤਾ ਰੱਦ ਕਰ ਦਿੱਤੀ ਗਈ ਸੀ, ਮਤਲਬ ਕਿ ਜੇਕਰ ਬੇਨਬ੍ਰਿਕਾ ਜੇਲ੍ਹ ਤੋਂ ਰਿਹਾਅ ਹੋਇਆ ਤਾਂ ਉਸ ਨੂੰ ਆਪਣੇ ਦੇ ਜਨਮ ਦੇਸ਼ ਅਲਜੀਰੀਆ ਵਿਚ ਦੇਸ਼ ਨਿਕਾਲਾ ਦਾ ਸਾਹਮਣਾ ਕਰਨਾ ਪਵੇਗਾ।