ਖੁਸ਼ਖਬਰੀ : ਹੁਣ ਸਿਰਫ 20 ਘੰਟਿਆਂ 'ਚ ਹੋਵੇਗਾ ਆਕਲੈਂਡ ਤੋਂ ਅੰਮ੍ਰਿਤਸਰ ਦਾ ਸਫਰ

10/28/2019 3:14:04 PM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਆਸਟ੍ਰੇਲੀਆ ਅਤੇ ਅੰਮ੍ਰਿਤਸਰ (ਪੰਜਾਬ ) ਵਿਚਾਲੇ ਹਵਾਈ ਯਾਤਰਾ ਵਧੇਰੇ ਸੁਵਿਧਾਜਨਕ ਹੋਣ ਤੋਂ ਬਾਅਦ ਹੁਣ 28 ਅਕਤੂਬਰ ਨੂੰ ਨਿਊਜ਼ੀਲੈਂਡ ਵੀ ਇਸ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ (ਉਪਰਾਲੇ) ਦੇ ਗਲੋਬਲ ਕਨਵੀਨਰ, ਹਵਾਬਾਜ਼ੀ ਵਿਸ਼ਲੇਸ਼ਕ ਸਮੀਪ ਸਿੰਘ ਗੁਮਟਾਲਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੈ ਕਿ ਵਿਸ਼ਵ ਦੀ ਸਰਵ ਉੱਤਮ ਮੰਨੀ ਜਾਣ ਵਾਲੀ ਸਿੰਗਾਪੁਰ ਏਅਰਲਾਈਨ ਇਸ ਸਰਦ ਰੁੱਤ ਵਿੱਚ ਆਪਣੀ ਨਵੀਂ ਸ਼ੁਰੂ ਹੋਣ ਵਾਲੀ ਆਕਲੈਂਡ-ਸਿੰਘਾਪੁਰ ਉਡਾਣ ਨੂੰ ਆਪਣੀ ਭਾਈਵਾਲ ਘੱਟ ਕਿਰਾਏ ਵਾਲੀ ਸਕੂਟ ਦੀ ਸਿੰਘਾਪੁਰ-ਅੰਮ੍ਰਿਤਸਰ ਉਡਾਣ ਰਾਹੀਂ ਜੋੜਣ ਜਾ ਰਹੀ ਹੈ।

ਗੁਮਟਾਲਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਤੇ ਅੰਮ੍ਰਿਤਸਰ, ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਦੀ ਯਾਤਰਾ ਲਈ ਆਕਲੈਂਡ ਤੋਂ ਆਉਣ ਵਾਲੇ ਹਜ਼ਾਰਾਂ ਪੰਜਾਬੀਆਂ ਨੂੰ ਇਸ ਦਾ ਲਾਭ ਹੋਵੇਗਾ। ਸਿੰਗਾਪੁਰ ਏਅਰ ਦੀ ਵੈੱਬਸਾਈਟ ਅਨੁਸਾਰ, ਅੰਮ੍ਰਿਤਸਰ ਤੋਂ ਆਕਲੈਂਡ ਦੀ ਦੂਰੀ ਸਿਰਫ 20 ਘੰਟੇ 20 ਮਿੰਟ ਵਿੱਚ ਪੂਰੀ ਹੋਵੇਗੀ। ਯਾਤਰੀਆਂ ਨੂੰ ਸਿੰਗਾਪੁਰ ਵਿਖੇ ਸਿਰਫ 4 ਘੰਟੇ 40 ਮਿੰਟ ਲਈ ਰੁਕਣਾ ਪਵੇਗਾ। ਆਕਲੈਂਡ ਤੋਂ ਅੰਮ੍ਰਿਤਸਰ ਦਾ ਸਫਰ ਦਿੱਲੀ ਆਉਣ ਦੀ ਬਜਾਏ ਵਿਸ਼ਵ ਦੇ ਸਭ ਨਾਲੋਂ ਵਧੀਆ ਹਵਾਈ ਅੱਡਿਆਂ ਵਿਚ ਸ਼ਾਮਲ ਸਿੰਗਾਪੁਰ ਦੇ ਛੈਂਗੀ ਹਵਾਈ ਅੱਡੇ ਰਾਹੀਂ 24 ਘੰਟੇ 55 ਮਿੰਟ ਵਿੱਚ ਪੂਰਾ ਹੋਵੇਗਾ। ਇਸ ਲਈ ਯਾਤਰੀਆਂ ਨੂੰ ਸਿੰਗਾਪੁਰ ਵਿਖੇ 8 ਘੰਟੇ 20 ਮਿੰਟ ਰੁਕਣਾ ਪਵੇਗਾ ਜਿਸ ਨਾਲ ਉਨ੍ਹਾਂ ਨੂੰ ਬਹੁਤ ਹੀ ਆਧੁਨਿਕ ਸੁਵਿਧਾਵਾਂ ਨਾਲ ਬਣੇ ਇਸ ਹਵਾਈ ਅੱਡੇ 'ਤੇ ਘੁੰਮਣ-ਫਿਰਨ ਲਈ ਸਮਾਂ ਮਿਲੇਗਾ।  

ਇਨ੍ਹਾਂ ਉਡਾਣਾਂ ਲਈ ਬੁਕਿੰਗ ਸਿੰਗਾਪੁਰ ਏਅਰ ਦੀ ਵੈੱਬਸਾਈਟ 'ਤੇ ਵੀ ਕੀਤੀ ਜਾ ਸਕਦੀ ਹੈ। ਹਵਾਈ ਕੰਪਨੀਆਂ ਲਈ ਸਰਦੀਆਂ ਦਾ ਮੌਸਮ 27 ਅਕਤੂਬਰ ਤੋਂ ਸ਼ੁਰੂ ਹੋ ਕੇ ਮਾਰਚ ਮਹੀਨੇ ਦੇ ਅੰਤ ਤੱਕ ਹੁੰਦਾ ਹੈ। ਸਿੰਗਾਪੁਰ ਏਅਰ ਦੀ ਉਡਾਣ ਦਾ ਆਕਲੈਂਡ ਨਾਲ ਇਹ ਹਵਾਈ ਸੰਪਰਕ ਮਾਰਚ ਦੇ ਅਖੀਰ ਤੱਕ ਉਪਲੱਬਧ ਹੈ। ਉਸ ਤੋਂ ਬਾਅਦ ਸਿੰਗਾਪੁਰ ਵਿਖੇ ਯਾਤਰੀਆਂ ਨੂੰ ਜ਼ਿਆਦਾ ਲੰਬੇ ਸਮੇਂ ਲਈ ਰੁਕਣਾ ਪਵੇਗਾ। ਗੁਮਟਾਲਾ ਨੇ ਕਿਹਾ ਕਿ ਜੇਕਰ ਪੰਜਾਬੀ ਇਨ੍ਹਾਂ ਉਡਾਣਾਂ 'ਤੇ ਵਧੇਰੇ ਸਫਰ ਕਰਨਗੇ ਤਾਂ ਅੰਕੜਿਆਂ ਨੂੰ ਦੇਖਦੇ ਹੋਏ ਹਵਾਈ ਕੰਪਨੀ ਨਾਲ ਆਕਲੈਂਡ ਲਈ ਇਸ ਹਵਾਈ ਸੰਪਰਕ ਨੂੰ 31 ਮਾਰਚ, 2020 ਤੋਂ ਬਾਅਦ ਬੰਦ ਨਾ ਕਰਨ ਦੀ ਬੇਨਤੀ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਤੋਂ ਅੰਮ੍ਰਿਤਸਰ ਦੀ ਦੂਰੀ ਵੀ ਸਕੂਟ ਅਤੇ ਸਿੰਗਾਪੁਰ ਏਅਰ ਦੀਆਂ ਉਡਾਣਾਂ ਤੇ ਸਿਰਫ 16 ਘੰਟੇ 40 ਮਿੰਟ ਵਿਚ ਪੂਰੀ ਕੀਤੀ ਜਾ ਸਕਦੀ ਹੈ। ਫਲਾਈ ਅੰਮ੍ਰਿਤਸਰ ਦੇ ਭਾਰਤ ਵਿਚ ਕਨਵੀਨਰ ਯੋਗੇਸ਼ ਕਾਮਰਾ ਨੇ ਕਿਹਾ ਕਿ ਸਕੂਟ 28 ਅਕਤੂਬਰ ਤੋਂ ਸਿੰਗਾਪੁਰ-ਅੰਮ੍ਰਿਤਸਰ ਵਿਚਕਾਰ ਚਲ ਰਹੀ ਆਪਣੀ ਉਡਾਣ ਨੂੰ ਵੀ ਸਰਦੀਆਂ ਲਈ ਜਨਵਰੀ ਦੇ ਅੰਤ ਤੱਕ ਹਫਤੇ ਵਿਚ ਚਾਰ ਤੋਂ ਪੰਜ ਦਿਨ ਕਰਨ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਵਾਈ ਅੱਡੇ ਤੋਂ ਉਡਾਣਾਂ ਭਰਨ ਵਾਲੀਆਂ ਸਿੰਗਾਪੁਰ ਅਤੇ ਮਲੇਸ਼ੀਆ ਦੀਆਂ ਹਵਾਈ ਕੰਪਨੀਆਂ ਸਕੂਟ, ਏਅਰ ਏਸ਼ੀਆ ਤੇ ਮਲਿੰਡੋ ਏਅਰ ਪੰਜਾਬੀਆਂ ਨੂੰ ਸਿੰਗਾਪੁਰ ਅਤੇ ਕੁਆਲਾਲੰਪੁਰ ਰਾਹੀਂ ਆਸਟ੍ਰੇਲੀਆ ਅਤੇ ਹੋਰਨਾਂ ਵਿਦੇਸ਼ੀ ਮੁਲਕਾਂ ਤੋਂ ਪਹਿਲਾਂ ਨਾਲੋਂ ਵੀ ਸੁਵਿਧਾਜਨਕ ਕੁਨੈਕਟੀਵੀਟੀ ਅਤੇ ਘੱਟੋ-ਘੱਟ ਸਮੇਂ ਵਿਚ ਅੰਮ੍ਰਿਤਸਰ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਹਨ।

ਇਹ ਹਵਾਈ ਕੰਪਨੀਆਂ ਪੰਜਾਬ ਨੂੰ ਸਿੰਗਾਪੁਰ ਅਤੇ ਕੁਆਲਾਲੰਪੁਰ ਰਾਹੀਂ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ, ਸਿਡਨੀ, ਐਡੀਲੇਡ, ਪਰਥ, ਗੋਲਡ ਕੋਸਟ, ਬ੍ਰਿਸਬੇਨ ਅਤੇ ਹੋਰ ਦੱਖਣੀ ਏਸ਼ੀਆਈ ਮੁਲਕਾਂ ਥਾਈਲੈਂਡ, ਇੰਡੋਨੇਸ਼ੀਆ, ਹਾਂਗਕਾਂਗ, ਫਿਲੀਪਾਈਨ ਨੂੰ ਜੋੜਦੀਆਂ ਹਨ।  ਪੰਜਾਬੀਆਂ ਕੋਲ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਬਦਲ ਹਨ ਤੇ ਅਸੀਂ ਉਨ੍ਹਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹ ਵੱਧ ਤੋਂ ਵੱਧ ਅੰਮ੍ਰਿਤਸਰ ਤੋਂ ਚੱਲ ਰਹੀਆਂ ਕੌਮਾਂਤਰੀ ਉਡਾਣਾਂ ਤੇ ਸਫਰ ਕਰਨ ਤਾਂ ਜੋ ਅਸੀਂ ਹੋਰਨਾਂ ਹਵਾਈ ਕੰਪਨੀਆਂ ਨਾਲ ਅੰਕੜਿਆਂ ਸਮੇਤ ਉਡਾਣਾਂ ਸ਼ੁਰੂ ਕਰਨ ਲਈ ਸੰਪਰਕ ਕਰ ਸਕੀਏ । ਅੰਮ੍ਰਿਤਸਰ ਹੁਣ 9 ਅੰਤਰਰਾਸ਼ਟਰੀ ਅਤੇ ਭਾਰਤ ਦੇ 9 ਸ਼ਹਿਰਾ ਨਾਲ ਸਿੱਧੀਆਂ ਉਡਾਣਾਂ ਰਾਹੀਂ ਜੁੜਿਆ ਹੈ ਅਤੇ ਅੰਮ੍ਰਿਤਸਰ ਏਅਰਪੋਰਟ ਤੋਂ 27 ਅਕਤੂਬਰ ਤੋਂ ਪਟਨਾ ਸਾਹਿਬ ਲਈ ਵੀ ਫਲਾਈਟ ਸ਼ੁਰੂ ਹੋ ਗਈ ਹੈ।ਸਾਨੂੰ ਆਸ ਹੈ ਕਿ ਪੰਜਾਬ ਸਰਕਾਰ ਤੇ ਅੰਮ੍ਰਿਤਸਰ ਪ੍ਰਸ਼ਾਸਨ ਸਾਡੇ ਵਲੋਂ ਲੰਬੇ ਸਮੇਂ ਤੋਂ ਹਵਾਈ ਅੱਡੇ ਤੋਂ ਸਿੱਧੀ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਨੂੰ 550 ਸਾਲਾ ਸ਼ਤਾਬਦੀ ਲਈ ਜਲਦ ਹੀ ਪੂਰਾ ਕਰਨਗੇ।  


Related News