ਇਕਵਾਡੋਰ ਦੀ ਜੇਲ੍ਹ 'ਚ ਗਿਰੋਹਾਂ ਵਿਚਕਾਰ ਝੜਪ, 68 ਕੈਦੀਆਂ ਦੀ ਮੌਤ ਤੇ ਕਈ ਜ਼ਖਮੀ
Sunday, Nov 14, 2021 - 09:58 AM (IST)
ਕਿਊਟੋ (ਭਾਸ਼ਾ): ਇਕਵਾਡੋਰ ਦੀ ਸਭ ਤੋਂ ਵੱਡੀ ਜੇਲ੍ਹ 'ਲਿਟੋਰਲ ਪੈਨਟੀਨਟੀਰੀ' ਦੇ ਅੰਦਰ ਸ਼ਨੀਵਾਰ ਨੂੰ ਵਿਰੋਧੀ ਗਿਰੋਹਾਂ ਵਿਚਾਲੇ ਲੰਬੇ ਸਮੇਂ ਤੱਕ ਚੱਲੀ ਗੋਲੀਬਾਰੀ 'ਚ 68 ਕੈਦੀਆਂ ਦੀ ਮੌਤ ਹੋ ਗਈ ਅਤੇ 25 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਕਾਫੀ ਦੇਰ ਬਾਅਦ ਤੱਕ ਸਥਿਤੀ ਬੇਕਾਬੂ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਜੇਲ੍ਹ ਦੇ ਅੰਦਰ ਮੌਜੂਦ ਅੰਤਰਰਾਸ਼ਟਰੀ ਡਰੱਗ ਗਿਰੋਹ ਨਾਲ ਜੁੜੇ ਵਿਰੋਧੀ ਧੜਿਆਂ ਵਿਚਕਾਰ ਲੜਾਈ ਦਾ ਇਹ ਤਾਜ਼ਾ ਮਾਮਲਾ ਹੈ। ਇਹ ਘਟਨਾ ਤੱਟਵਰਤੀ ਸ਼ਹਿਰ ਗੁਆਯਾਕਿਲ ਦੀ ਜੇਲ੍ਹ ਵਿੱਚ ਤੜਕੇ ਤੋਂ ਪਹਿਲਾਂ ਵਾਪਰੀ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਜੇਲ ਦੇ ਅੰਦਰ ਕੁਝ ਲਾਸ਼ਾਂ ਝੁਲਸੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਗੁਆਯਾਸ ਸੂਬੇ ਦੇ ਗਵਰਨਰ ਪਾਬਲੋ ਅਰੋਸੇਮੇਨਾ ਨੇ ਕਿਹਾ ਕਿ ਸ਼ੁਰੂਆਤੀ ਲੜਾਈ ਕਰੀਬ ਅੱਠ ਘੰਟੇ ਚੱਲੀ। ਕੈਦੀਆਂ ਨੇ ਪੈਵੇਲੀਅਨ ਟੂ ਵਿਚ ਜਾਣ ਲਈ ਡਾਇਨਾਮਾਈਟ ਨਾਲ ਕੰਧ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਨੂੰ ਅੱਗ ਲਗਾ ਦਿੱਤੀ। ਅਰੋਸੇਮੇਨਾ ਨੇ ਕਿਹਾ,''ਅਸੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਲੜ ਰਹੇ ਹਾਂ, ਇਹ ਬਹੁਤ ਮੁਸ਼ਕਲ ਹੈ।'' ਰਾਸ਼ਟਰਪਤੀ ਦੇ ਬੁਲਾਰੇ ਕਾਰਲੋਸ ਜਿਜੋਨ ਨੇ ਦੱਸਿਆ,''ਸਾਨੂੰ ਲਿਟੋਰਲ ਪੇਨਿਟੇਂਸ਼ਲੀ ਵਿਚ ਨਵੀਆਂ ਝੜਪਾਂ ਦੀ ਸੂਚਨਾ ਮਿਲੀ ਹੈ। ਹਾਲ 12 ਦੇ ਕੈਦੀਆਂ ਨੇ ਹਾਲ 7 ਦੇ ਉਨ੍ਹਾਂ ਲੋਕਾਂ 'ਤੇ ਹਮਲਾ ਕੀਤਾ, ਜੋ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।''
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ H-1B ਵੀਜ਼ਾ ਧਾਰਕਾਂ ਨੂੰ ਦਿੱਤੀ ਵੱਡੀ ਰਾਹਤ, ਭਾਰਤੀਆਂ ਨੂੰ ਮਿਲੇਗਾ ਫਾਇਦਾ
ਉਨ੍ਹਾਂ ਨੇ ਕਿਹਾ ਕਿ ਲਗਭਗ 700 ਪੁਲਸ ਅਧਿਕਾਰੀ ਜੇਲ ਦੇ ਅੰਦਰ ਇਕ ਟੀਮ ਨਾਲ ਸਥਿਤੀ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕੀ ਅਧਿਕਾਰੀਆਂ ਨੇ ਇਮਾਰਤ 'ਤੇ ਮੁੜ ਕਬਜ਼ਾ ਕਰ ਲਿਆ ਹੈ ਜਾਂ ਕਿ ਇਸ ਘਟਨਾ ਵਿਚ ਕੋਈ ਹੋਰ ਜਾਨੀ ਨੁਕਸਾਨ ਹੋਇਆ ਹੈ। ਇਸ ਤੋਂ ਦੋ ਮਹੀਨੇ ਪਹਿਲਾਂ ਸਤੰਬਰ ਵਿੱਚ ਲਿਟੋਰਲ ਜੇਲ੍ਹ ਵਿੱਚ ਗੈਂਗਸਟਰਾਂ ਵਿਚਾਲੇ ਖੂਨੀ ਝੜਪ ਹੋਈ ਸੀ ਜਿਸ ਵਿੱਚ 119 ਲੋਕ ਮਾਰੇ ਗਏ ਸਨ। ਜੇਲ੍ਹ ਵਿੱਚ 8000 ਤੋਂ ਵੱਧ ਕੈਦੀ ਹਨ। ਪੁਲਸ ਕਮਾਂਡਰ ਜਨਰਲ ਤਾਨਿਆ ਵਰੇਲਾ ਨੇ ਕਿਹਾ ਕਿ ਡਰੋਨਾਂ ਨੇ ਦਿਖਾਇਆ ਕਿ ਤਿੰਨ ਪੈਵੋਲੀਅਨ ਵਿੱਚ ਕੈਦੀ ਬੰਦੂਕਾਂ ਅਤੇ ਵਿਸਫੋਟਕਾਂ ਨਾਲ ਲੈਸ ਸਨ। ਅਧਿਕਾਰੀਆਂ ਨੇ ਦੱਸਿਆ ਕਿ ਕੈਦੀਆਂ ਨੂੰ ਸਪਲਾਈ ਕਰਨ ਵਾਲੇ ਵਾਹਨਾਂ ਰਾਹੀਂ ਅਤੇ ਕਈ ਵਾਰ ਡਰੋਨ ਰਾਹੀਂ ਵੀ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਤਸਕਰੀ ਕੀਤੀ ਜਾਂਦੀ ਹੈ। ਰਾਸ਼ਟਰਪਤੀ ਗੁਲੇਰਮੋ ਲਾਸੋ ਦੁਆਰਾ ਅਕਤੂਬਰ ਵਿਚ ਘੋਸ਼ਿਤ ਰਾਸ਼ਟਰੀ ਐਮਰਜੈਂਸੀ ਦੇ ਵਿਚਕਾਰ ਜੇਲ੍ਹ ਵਿੱਚ ਹਿੰਸਾ ਦੀ ਘਟਨਾ ਵਾਪਰੀ ਹੈ। ਰਾਸ਼ਟਰੀ ਐਮਰਜੈਂਸੀ ਸੁਰੱਖਿਆ ਬਲਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹੋਰ ਅਪਰਾਧਾਂ ਨਾਲ ਲੜਨ ਲਈ ਅਧਿਰਾਪ ਪ੍ਰਦਾਨ ਕਰਦੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।