ਸਾਇਪ੍ਰਸ ਤਟ ਨੇੜੇ ਕਿਸ਼ਤੀ ਡੁੱਬਣ ਕਾਰਨ 19 ਲੋਕਾਂ ਦੀ ਮੌਤ

Thursday, Jul 19, 2018 - 04:18 AM (IST)

ਸਾਇਪ੍ਰਸ ਤਟ ਨੇੜੇ ਕਿਸ਼ਤੀ ਡੁੱਬਣ ਕਾਰਨ 19 ਲੋਕਾਂ ਦੀ ਮੌਤ

ਅੰਕਾਰਾ— ਉੱਤਰੀ ਸਾਇਪ੍ਰਸ ਦੇ ਤਟ ਨੇੜੇ ਕਰੀਬ 150 ਪ੍ਰਵਾਸੀਆਂ ਨਾਲ ਭਰੀ ਹੋਈ ਇਕ ਕਿਸ਼ਤੀ ਦੇ ਡੁੱਬ ਜਾਣ ਕਾਰਨ ਉਸ 'ਚ ਸਵਾਰ 19 ਲੋਕਾਂ ਦੀ ਮੌਤ ਹੋ ਗਈ। ਜਦਕਿ ਬਚਾਅ ਕਰਮਚਾਰੀ 25 ਹੋਰ ਲੋਕਾਂ ਦੀ ਭਾਲ ਕਰ ਰਹੇ ਹਨ। ਤੁਰਕੀ ਦੇ ਕੋਸਟ ਗਾਰਡ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 103 ਪ੍ਰਵਾਸੀਆਂ ਨੂੰ ਤੁਰਕੀ ਤੇ ਉੱਤਰੀ ਸਾਇਪ੍ਰਸ ਕੋਸਟ ਗਾਰਡਾਂ ਦੀਆਂ ਕਿਸ਼ਤੀਆਂ ਤੇ ਹੈਲੀਕਾਪਟਰਾਂ ਨੇ ਖੇਤਰ ਦੀ ਵਪਾਰਕ ਕਿਸ਼ਤੀਆਂ ਦੀ ਮਦਦ ਨਾਲ ਬਚਾਇਆ। ਇਹ ਹਾਦਸਾ ਉੱਤਰੀ ਸਾਇਪ੍ਰਸ ਕੋਸਟ ਤੋਂ ਕਰੀਬ 30 ਕਿਲੋਮੀਟਰ ਦੂਰ ਹੋਇਆ।
ਕੋਸਟ ਗਾਰਡ ਨੇ ਦੱਸਿਆ ਕਿ ਬਚਾਏ ਗਏ ਇਕ ਵਿਅਕਤੀ ਦੀ ਹਾਲਤ ਗੰਭੀਰ ਹੈ ਤੇ ਉਸ ਨੂੰ ਹੈਲੀਕਾਪਟਰ ਦੇ ਜ਼ਰੀਏ ਉੱਤਰੀ ਸਾਇਪ੍ਰਸ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੱਖਣੀ ਤੁਰਕੀ ਸੂਬੇ ਮੇਰਸਿਨ ਦੇ ਮੇਅਰ ਬੁਰਹਾਨੇਟਿਨ ਕੋਕਾਮਾਜ ਨੇ ਬ੍ਰਾਡਕਾਸਟਰ ਬਪਰਟਰਕ ਨੂੰ ਦੱਸਿਆ ਕਿ ਬਚਾਏ ਗਏ ਪ੍ਰਵਾਸੀਆਂ ਤੇ ਹਾਦਸਾਗ੍ਰਸਤ ਕਿਸ਼ਤੀ 'ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਮੇਰਸਿਨ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲੇ ਤਕ ਪ੍ਰਵਾਸੀਆਂ ਦੇ ਮੂਲ ਦੇਸ਼ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ ਤੇ ਅਧਿਕਾਰੀਆਂ ਨੂੰ ਹਾਲੇ ਤਕ ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਇਹ ਕਿਸ਼ਤੀ ਕਿਥੋਂ ਆਈ ਸੀ।


Related News