ਈਰਾਨ ਦੇ ਸੀਨੀਅਰ ਪ੍ਰਮਾਣੂ ਸਾਇੰਸਦਾਨ ਮੋਹਸਿਨ ਦੀ ਹੱਤਿਆ

Saturday, Nov 28, 2020 - 12:34 AM (IST)

ਈਰਾਨ ਦੇ ਸੀਨੀਅਰ ਪ੍ਰਮਾਣੂ ਸਾਇੰਸਦਾਨ ਮੋਹਸਿਨ ਦੀ ਹੱਤਿਆ

ਤਹਿਰਾਨ - ਈਰਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਉਸ ਦੇ ਇਕ ਸੀਨੀਅਰ ਪ੍ਰਮਾਣੂ ਸਾਇੰਸਦਾਨ ਮੋਹਸਿਨ ਫਖਰੀਜ਼ਾਦੇਹ ਦੀ ਹੱਤਿਆ ਕਰ ਦਿੱਤੀ ਗਈ ਹੈ। ਰਾਜਧਾਨੀ ਤਹਿਰਾਨ ਨਾਲ ਲੱਗਦੇ ਸ਼ਹਿਰ ਅਬਸਾਰਡ ਵਿਚ ਉਨ੍ਹਾਂ 'ਤੇ ਹਮਲਾ ਕੀਤਾ ਗਿਆ। ਹਮਲੇ ਤੋਂ ਬਾਅਦ ਉਨ੍ਹਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦੀ ਜਾਨ ਨਾ ਬਚਾਈ ਜਾ ਸਕੀ। ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਸ਼ਰੀਫ ਨੇ ਉਨ੍ਹਾਂ ਦੀ ਹੱਤਿਆ ਦੀ ਨਿੰਦਾ ਕਰਦੇ ਹੋਏ ਇਸ ਨੂੰ 'ਰਾਜ ਪ੍ਰਾਯੋਜਿਤ ਅੱਤਵਾਦੀ ਘਟਨਾ' ਕਰਾਰ ਦਿੱਤਾ ਹੈ।

ਪੱਛਮੀ ਦੇਸ਼ਾਂ ਦੀਆਂ ਖੁਫੀਆ ਏਜੰਸੀਆਂ ਦਾ ਮੰਨਣਾ ਹੈ ਕਿ ਈਰਾਨ ਦੇ ਖੁਫੀਆ ਪ੍ਰਮਾਣੂ ਹਥਿਆਰ ਪ੍ਰੋਗਰਾਮ ਦੇ ਪਿੱਛੇ ਮੋਹਸਿਨ ਫਖਰੀਜ਼ਾਦੇਹ ਦਾ ਹੀ ਹੱਥ ਸੀ। ਵਿਦੇਸ਼ੀ ਡਿਪਲੋਮੈਟ ਉਨ੍ਹਾਂ ਨੂੰ ਈਰਾਨੀ ਪ੍ਰਮਾਣੂ ਬੰਬ ਦੇ ਪਿਤਾ ਆਖਦੇ ਸਨ। ਈਰਾਨ ਕਹਿੰਦਾ ਰਿਹਾ ਹੈ ਕਿ ਉਸ ਦਾ ਪ੍ਰਮਾਣੂ ਪ੍ਰੋਗਰਾਮ ਸ਼ਾਂਤੀਪੂਰਣ ਮਕਸਦ ਲਈ ਹੈ। ਸਾਲ 2010 ਅਤੇ 2012 ਵਿਚਾਲੇ ਈਰਾਨ ਦੇ 4 ਪ੍ਰਮਾਣੂ ਸਾਇੰਸਦਾਨਾਂ ਦੀ ਹੱਤਿਆ ਕੀਤੀ ਗਈ ਸੀ ਅਤੇ ਈਰਾਨ ਨੇ ਇਸ ਦੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਕਿਵੇਂ ਹੋਈ ਹੱਤਿਆ
ਸ਼ੁੱਕਰਵਾਰ ਨੂੰ ਈਰਾਨ ਦੇ ਰੱਖਿਆ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕਿਹਾ ਕਿ ਹਥਿਆਰਬੰਦ ਅੱਤਵਾਦੀਆਂ ਨੇ ਰੱਖਿਆ ਮੰਤਰਾਲੇ ਦੇ ਖੋਜ ਅਤੇ ਨਵੀਨਤਾ ਵਿਭਾਗ ਦੇ ਪ੍ਰਮੁੱਖ ਮੋਹਸਿਨ ਫਖਰੀਜ਼ਾਦੇਹ ਨੂੰ ਲਿਜਾ ਰਹੀ ਕਾਰ ਨੂੰ ਨਿਸ਼ਾਨਾ ਬਣਾਇਆ। ਅੱਤਵਾਦੀਆਂ ਅਤੇ ਉਨ੍ਹਾਂ ਦੇ ਬਾਡੀਗਾਰਡਾਂ ਵਿਚਾਲੇ ਹੋਈ ਝੜਪ ਵਿਚ ਫਖਰੀਜ਼ਾਦੇਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। ਬਦ-ਕਿਸਮਤੀ ਨਾਲ ਉਨ੍ਹਾਂ ਨੂੰ ਬਚਾਉਣ ਦੀ ਮੈਡੀਕਲ ਟੀਮ ਦੀਆਂ ਤਮਾਮ ਕੋਸ਼ਿਸ਼ਾਂ ਨਾਕਾਮ ਰਹੀਆਂ। ਈਰਾਨ ਦੀ ਨਿਊਜ਼ ਏਜੰਸੀ ਫਾਰਸ ਮੁਤਾਬਕ ਗਵਾਹਾਂ ਨੇ ਪਹਿਲੇ ਧਮਾਕੇ ਅਤੇ ਫਿਰ ਮਸ਼ੀਨ ਗਨ ਨਾਲ ਕੀਤੀ ਫਾਇਰਿੰਗ ਦੀ ਆਵਾਜ਼ ਸੁਣੀ ਸੀ। ਏਜੰਸੀ ਮੁਤਾਬਕ ਗਵਾਹਾਂ ਨੇ 3-4 ਅੱਤਵਾਦੀਆਂ ਦੇ ਵੀ ਮਾਰੇ ਜਾਣ ਦੀ ਗੱਲ ਕਹੀ ਹੈ।

ਕੌਣ ਸਨ ਮੋਹਸਿਨ
ਮੋਹਸਿਨ ਫਖਰੀਜ਼ਾਦੇਹ ਈਰਾਨ ਦੇ ਸਭ ਤੋਂ ਪ੍ਰਮੁੱਖ ਪ੍ਰਮਾਣੂ ਸਾਇੰਸਦਾਨ ਸਨ ਅਤੇ ਆਈ. ਆਰ. ਜੀ. ਸੀ. ਦੇ ਸੀਨੀਅਰ ਅਧਿਕਾਰੀ ਸਨ। ਪੱਛਮੀ ਦੇਸ਼ਾਂ ਦੇ ਸੁਰੱਖਿਆ ਮਾਹਿਰਾਂ ਮੁਤਾਬਕ ਉਹ ਈਰਾਨ ਵਿਚ ਬਹੁਤ ਹੀ ਤਾਕਤਵਰ ਸਨ ਅਤੇ ਈਰਾਨ ਦੇ ਪ੍ਰਮਾਣੂ ਹਥਿਆਰ ਪ੍ਰੋਗਰਾਮ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਸੀ। ਇਜ਼ਰਾਇਲ ਨੇ ਸਾਲ 2018 ਵਿਚ ਕੁਝ ਖੁਫੀਆ ਦਸਤਾਵੇਜ਼ ਹਾਸਲ ਕਰਨ ਦਾ ਦਾਅਵਾ ਕੀਤਾ ਸੀ ਜਿਨ੍ਹਾਂ ਮੁਤਾਬਕ ਮੋਹਸਿਨ ਨੇ ਹੀ ਈਰਾਨ ਦੇ ਪ੍ਰਮਾਣੂ ਹਥਿਆਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਉਸ ਵੇਲੇ ਨੇਤਨਯਾਹੂ ਨੇ ਪ੍ਰੈਸ ਵਾਰਤਾ ਵਿਚ ਮੋਹਸਿਨ ਫਖਰੀਜ਼ਾਦੇਹ ਨੂੰ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਦਾ ਪ੍ਰਮੁੱਖ ਸਾਇੰਸਦਾਨ ਕਰਾਰ ਦਿੰਦੇ ਹੋਏ ਕਿਹਾ ਸੀ ਕਿ ਉਸ ਨਾਂ ਨੂੰ ਯਾਦ ਰੱਖੋ।

ਸਾਲ 2015 ਵਿਚ 'ਨਿਊਯਾਰਕ ਟਾਈਮਸ' ਨੇ ਮੋਹਸਿਨ ਫਖਰੀਜ਼ਾਦੇਹ ਦੀ ਤੁਲਨਾ ਜੇ ਰਾਬਰਟ ਓਪਨਹਾਇਮਰ ਨਾਲ ਕੀਤੀ ਸੀ। ਓਪਨਹਾਇਮਰ ਉਹ ਸਾਇੰਸਦਾਨ ਸਨ ਜਿਨ੍ਹਾਂ ਨੇ ਮੈਨਹੱਟਨ ਪ੍ਰਾਜੈਕਟ ਦੀ ਅਗਵਾਈ ਕੀਤੀ ਸੀ ਜਿਸ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਪਹਿਲਾਂ ਪ੍ਰਮਾਣੂ ਬੰਬ ਬਣਾਇਆ ਸੀ। ਇਜ਼ਰਾਇਲ ਨੇ ਸਾਇੰਸਦਾਨ ਦੀ ਹੱਤਿਆ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।


author

Khushdeep Jassi

Content Editor

Related News