ਨਵਾਂਸ਼ਹਿਰ ਦੀ ਐਸ਼ਲੀਨ ਨੇ ਵਧਾਇਆ ਮਾਣ, ਆਸਟ੍ਰੇਲੀਆ 'ਚ ਛੋਟੀ ਉਮਰ 'ਚ ਕਿਤਾਬ ਲਿਖਣ ਦਾ ਬਣਾਇਆ ਰਿਕਾਰਡ
Tuesday, Nov 14, 2023 - 04:27 PM (IST)
ਸਿਡਨੀ (ਚਾਂਦਪੁਰੀ): ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਸਜਾਵਲਪੁਰ ਨਾਲ ਸੰਬੰਧਿਤ 11 ਸਾਲਾਂ ਦੀ ਆਸਟ੍ਰੇਲੀਅਨ ਜੰਮਪਲ ਬੱਚੀ ਐਸ਼ਲੀਨ ਨੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ। ਐਸ਼ਲੀਨ ਗਿਆਰਾਂ ਸਾਲਾਂ ਦੀ ਛੋਟੀ ਉਮਰ ਵਿੱਚ ਕਿਤਾਬ ਲਿਖ ਕੇ ਆਸਟ੍ਰੇਲੀਆ ਭਰ ਵਿੱਚ ਸਭ ਤੋਂ ਛੋਟੀ ਉਮਰ ਦੀ ਕੁੜੀ ਬਣੀ ਹੈ ਅਤੇ ਉਸ ਨੇ ਭਾਰਤੀਆਂ ਦਾ ਮਾਣ ਵਧਾਇਆ ਹੈ। ਐਸ਼ਲੀਨ ਸਿਡਨੀ ਦੇ ਕੈਂਥਰਸਟ ਇਲਾਕੇ ਦੇ ਪਬਲਿਕ ਸਕੂਲ ਵਿੱਚ ਛੇਵੀਂ ਜਮਾਤ ਦੀ ਵਿਦਿਆਰਥਣ ਹੈ। ਐਸ਼ਲੀਨ ਨੂੰ ਕਿਤਾਬਾਂ ਪੜ੍ਹਨ, ਲਿਖਣ, ਗਾਉਣ, ਡਾਂਸ ਅਤੇ ਦੂਸਰਿਆਂ ਦੀ ਮਦਦ ਕਰਨਾ ਚੰਗਾ ਲੱਗਦਾ ਹੈ।
ਕਿੰਨੀਆਂ ਕਹਾਣੀਆਂ ਹੋਣਗੀਆਂ ਕਿਤਾਬ ਵਿੱਚ-
ਐਸ਼ਲੀਨ ਦੀ ਇਸ ਕਿਤਾਬ ਵਿੱਚ 17 ਕਹਾਣੀਆਂ ਹਨ। ਐਸ਼ਲੀਨ ਲੱਗਭਗ 2 ਸਾਲ ਤੋਂ ਇਸ ਕਿਤਾਬ ਤੇ ਮਿਹਨਤ ਕਰ ਰਹੀ ਸੀ ਜੋ ਕਿ ਹੁਣ ਉਸ ਦੀ ਮਿਹਨਤ ਕਿਤਾਬ ਦੇ ਰੂਪ ਵਿੱਚ ਸਭ ਦੇ ਸਾਹਮਣੇ ਹੈ।
ਇੰਝ ਜੁਟਾਇਆ ਕਿਤਾਬ ਛਪਵਾਉਣ ਦਾ ਖਰਚਾ-
ਐਸ਼ਲੀਨ ਨੇ ਕਿਤਾਬ ਛਪਵਾਉਣ ਲਈ ਆਪਣੇ ਪਿਤਾ ਜਾਂ ਪਰਿਵਾਰ ਦੇ ਕਿਸੇ ਮੈਂਬਰ ਤੋਂ ਕੋਈ ਆਰਥਿਕ ਮਦਦ ਨਹੀਂ ਲਈ। ਸਗੋਂ ਆਪਣੀ ਬਚਪਨ ਦੀ ਗੋਲਕ ਭੰਨ ਕੇ ਅਤੇ ਪਿਛਲੇ ਦੋ ਸਾਲਾਂ ਤੋਂ ਪਲਾਸਟਿਕ ਦੇ ਗਿਲਾਸ ਬੋਤਲਾਂ ਅਤੇ ਕੈਨਾਂ ਨੂੰ ਰਿਸਾਈਕਲ ਕਰਕੇ ਕਮਾਈ ਕੀਤੀ ਤੇ ਇਸ ਰਾਸ਼ੀ ਤੋਂ ਕਿਤਾਬ ਨੂੰ ਛਪਵਾਇਆ ਹੈ।
ਇਸ ਭਲਾਈ ਦੇ ਕੰਮ ਲਈ ਲਗਾਵੇਗੀ ਕਿਤਾਬ ਦੀ ਕਮਾਈ-
ਐਸ਼ਲੀਨ ਦੀ ਕਿਤਾਬ ਦੀ ਕੀਮਤ 25 ਡਾਲਰ ਹੈ ਪਰ ਇਸ ਕਿਤਾਬ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਕੈਂਸਰ ਕੌਂਸਲ ਔਫ ਆਸਟ੍ਰੇਲੀਆ, ਬੱਚਿਆਂ ਦੀ ਸਟਾਰ ਲਾਈਕ ਫਾਊਡੇਸ਼ਨ ਨੂੰ ਅਤੇ ਭਾਰਤ ਵਿਚਲੀਆਂ ਬੱਚਿਆਂ ਅਤੇ ਵਾਤਾਵਰਣ ਦੀ ਭਲਾਈ ਵਾਲੀਆਂ ਸੰਸਥਾ ਨੂੰ ਦਾਨ ਵਜੋਂ ਦਿੱਤੀ ਜਾਵੇਗੀ। ਐਸ਼ਲੀਨ ਦੇ ਇਸ ਪ੍ਰਾਪਤੀ ਤੇ ਪਰਿਵਾਰ ਨੂੰ ਦੇਸ਼, ਵਿਦੇਸ਼ਾਂ ਤੋ ਲੋਕ ਫ਼ੋਨ ਰਾਹੀਂ ਜਾਂ ਹੋਰ ਮਾਧਿਅਮ ਰਾਹੀਂ ਮੁਬਾਰਕਬਾਦ ਦੇ ਰਹੇ ਹਨ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।