ਧਾਰਾ 370: ਪਾਕਿ ''ਚ ਵਿਗੜੇ ਹਾਲਾਤ, ਭਾਰਤੀ ਹਾਈ ਕਮਿਸ਼ਨ ਨੇ ਕੀਤੀ ਸੁਰੱਖਿਆ ਦੀ ਮੰਗ
Tuesday, Aug 06, 2019 - 03:37 PM (IST)

ਇਸਲਾਮਾਬਾਦ— ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਇਮਰਾਨ ਸਰਕਾਰ ਨੂੰ ਆਪਣੇ ਕੰਪਲੈਕਸ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ 'ਚ ਵੀ ਹਾਲਾਤ ਠੀਕ ਨਹੀਂ ਹਨ। ਭਾਰਤ ਸਰਕਾਰ ਦੇ ਇਸ ਕਦਮ ਨਾਲ ਪਾਕਿਸਤਾਨ 'ਚ ਸਿਆਸੀ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਪਾਕਿਸਤਾਨ 'ਚ ਅੱਜ ਨੈਸ਼ਨਲ ਅਸੈਂਬਲੀ ਤੇ ਸੈਨੇਟ ਦੇ ਸੰਯੁਕਤ ਸੈਸ਼ਨ ਦੀ ਐਮਰਜੰਸੀ ਬੈਠਕ ਬੁਲਾਈ ਗਈ ਸੀ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਸ਼ਮੀਰ ਸਬੰਧੀ ਭਾਰਤ ਦੇ ਫੈਸਲੇ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਇਸ ਦਾ ਹਰ ਮੁਮਕਿਨ ਤਰੀਕੇ ਨਾਲ ਵਿਰੋਧ ਕਰੇਗਾ। ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਦੇ ਇਸ ਫੈਸਲੇ ਨੂੰ ਸੰਯੁਕਤ ਰਾਸ਼ਟਰ, ਇਸਲਾਮਿਕ ਸਹਿਯੋਗ ਸੰਗਠਨ, ਮਿੱਤਰ ਦੇਸ਼ਾਂ ਤੇ ਮਨੁੱਖੀ ਅਧਿਕਾਰ ਸੰਗਠਨਾਂ ਦੇ ਸਾਹਮਣੇ ਚੁੱਕੇਗਾ। ਇਸ ਦੇ ਨਾਲ ਹੀ ਇਮਰਾਨ ਸਰਕਾਰ ਦੇ ਸੂਚਨਾ ਮੰਤਰੀ ਫਵਾਦ ਹੁਸੈਨ ਨੇ ਭਾਰਤ ਨੂੰ ਜੰਗ ਦੀ ਧਮਕੀ ਦਿੰਦਿਆਂ ਕਿਹਾ ਕਿ ਭਾਰਤ ਕਸ਼ਮੀਰ ਨੂੰ ਦੂਜਾ ਫਿਲਸਤੀਨ ਬਣਾਉਣ 'ਚ ਲੱਗਿਆ ਹੈ ਤੇ ਇਸਲਾਮਾਬਾਦ ਨੂੰ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ।