ਨੇਪਾਲ: ਕੋਵਿਡ-19 ਕਾਰਨ 20 ਹਜ਼ਾਰ ਲੋਕਾਂ ਦੀਆਂ ਨੌਕਰੀਆਂ 'ਤੇ ਲਟਕੀ ਤਲਵਾਰ
Saturday, Mar 14, 2020 - 05:10 PM (IST)

ਕਾਠਮੰਡੂ- ਕੋਰੋਨਾਵਾਇਰਸ ਮਹਾਮਾਰੀ ਨੂੰ ਰੋਕਣ ਦੇ ਲਈ ਨੇਪਾਲ ਨੇ ਸਾਰੇ ਦੇਸ਼ਾਂ ਦੇ ਲਈ ਆਨ-ਅਰਾਈਵਲ ਵੀਜ਼ਾ ਜਾਰੀ ਕਰਨ 'ਤੇ ਰੋਕ ਲਾ ਦਿੱਤੀ ਹੈ ਤੇ ਇਸ ਦੇ ਨਾਲ ਹੀ ਇਸ ਮੌਸਮ ਵਿਚ ਮਾਊਂਟੇਨਿੰਗ ਨਾਲ ਜੁੜੀਆਂ ਸਾਰੀਆਂ ਗਤੀਵਿਧੀਆਂ 'ਤੇ ਰੋਕ ਲਾ ਦਿੱਤੀ ਹੈ, ਜਿਸ ਨਾਲ ਘੱਟ ਤੋਂ ਘੱਟ 20 ਹਜ਼ਾਰ ਲੋਕਾਂ ਦੀਆਂ ਨੌਕਰੀਆਂ 'ਤੇ ਸੰਕਟ ਆ ਸਕਦਾ ਹੈ। ਮੀਡੀਆ ਰਿਪੋਰਟਾਂ ਵਿਚ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ।
ਸੈਂਕੜਿਆਂ ਦੀ ਗਿਣਤੀ ਵਿਚ ਮਾਊਂਟੇਨਰ ਹਰ ਸਾਲ ਪਹਾੜੀਆਂ ਦਾ ਮਜ਼ਾ ਲੈਣ ਨੇਪਾਲ ਆਉਂਦੇ ਹਨ, ਜਿਥੇ ਵਿਸ਼ਵ ਦੀ ਸਭ ਤੋਂ ਉੱਚੀ ਪਰਬਤ ਲੜੀ ਮਾਊਂਟ ਐਵਰੈਸਟ ਸਣੇ ਹੋਰ ਕਈ ਉੱਚੀਆਂ ਪਹਾੜੀਆਂ ਹਨ। ਮਾਊਂਟੇਨਿੰਗ ਦਾ ਮੌਸਮ ਮਾਰਚ ਤੋਂ ਸ਼ੁਰੂ ਹੋ ਕੇ ਜੂਨ ਤੱਕ ਚੱਲਦਾ ਹੈ। ਨੇਪਾਲ ਸਰਕਾਰ ਨੇ ਕੋਵਿਡ-19 ਦੇ ਮੱਦੇਨਜ਼ਰ ਵੀਰਵਾਰ ਨੂੰ ਸਾਰੇ ਦੇਸ਼ਾਂ ਦੇ ਲਈ ਆਨ-ਅਰਾਈਵਲ ਵੀਜ਼ਾ ਜਾਰੀ ਕਰਨ 'ਤੇ ਰੋਕ ਤੇ ਇਸ ਮੌਸਮ ਵਿਚ ਮਾਊਂਟੇਨਿੰਗ ਨਾਲ ਜੁੜੀਆਂ ਸਾਰੀਆਂ ਗਤੀਵਿਧੀਆਂ 'ਤੇ ਰੋਕ ਲਾਉਣ ਦਾ ਐਲਾਨ ਕੀਤਾ ਹੈ। ਕਾਠਮੰਡੂ ਪੋਸਟ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਟੂਰ, ਟ੍ਰੈਕਿੰਗ ਤੇ ਰਸਤਾ ਦਿਖਾਉਣ ਵਾਲਿਆਂ ਸਣੇ ਤਕਰੀਬਨ 20 ਹਜ਼ਾਰ ਲੋਕਾਂ ਦੀਆਂ ਨੌਕਰੀਆਂ ਜਾ ਸਕਦੀਆਂ ਹਨ।