ਕੈਲੀਫੋਰਨੀਆ ''ਚ ਫ਼ੌਜ ਦਾ ਲੜਾਕੂ ਵਾਹਨ ਹਮਵੀ ਹੋਇਆ ਚੋਰੀ

Tuesday, Jan 19, 2021 - 09:52 AM (IST)

ਕੈਲੀਫੋਰਨੀਆ ''ਚ ਫ਼ੌਜ ਦਾ ਲੜਾਕੂ ਵਾਹਨ ਹਮਵੀ ਹੋਇਆ ਚੋਰੀ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਸੂਬੇ ਵਿਚ ਨੈਸ਼ਨਲ ਗਾਰਡਜ਼ ਦੇ ਬੇਸ ਵਿਚੋਂ ਫ਼ੌਜ ਦੇ ਲੜਾਕੂ ਵਾਹਨ ਹਮਵੀ ਦੇ ਚੋਰੀ ਹੋ ਜਾਣ ਦੀ ਖ਼ਬਰ ਹੈ। ਇਸ ਮਾਮਲੇ ਵਿਚ ਐੱਫ. ਬੀ. ਆਈ. ਵੱਲੋਂ ਕੈਲੀਫੋਰਨੀਆ ਦੇ ਬੇਲ ਵਿਚ ਸ਼ੁੱਕਰਵਾਰ ਨੂੰ ਜਾਂਚ ਸ਼ੁਰੂ ਕੀਤੀ ਗਈ ਹੈ। 

ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 40ਵੀਂ ਬ੍ਰਿਗੇਡ ਸਪੋਰਟ ਬਟਾਲੀਅਨ ਨਾਲ ਜੁੜੇ ਇਸ ਵਾਹਨ ਦੀ ਕੀਮਤ ਲਗਭਗ 1,20,000 ਡਾਲਰ ਹੈ ਅਤੇ ਹਰੇ ਰੰਗ ਦੇ ਛਾਪੇ ਵਾਲੇ ਰੰਗ ਦੀ ਪਛਾਣ ਨਾਲ ਬੰਪਰ ਨੰਬਰ 40 ਬੀ. ਐੱਸ. ਬੀ. ਐੱਚ. ਕਿਊ. 6 ਅਤੇ ਰਜਿਸਟ੍ਰੇਸ਼ਨ ਨੰ. ਐੱਨ. ਜ਼ੈੱਡ. 311 ਆਰ. (NZ311R) ਦੀ ਜਾਣਕਾਰੀ ਵੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਇੰਨਾ ਹੀ ਨਹੀਂ ਫ਼ੌਜੀ ਅਧਿਕਾਰੀਆਂ ਨੇ ਦੱਸਿਆ ਕਿ ਹਮਵੀ ਨੂੰ ਲੜਾਕੂ ਵਾਹਨ ਬਣਾਉਣ ਲਈ ਖ਼ਾਸ ਤਰੀਕੇ ਨਾਲ ਅਪਗ੍ਰੇਡ ਕੀਤਾ ਗਿਆ ਹੈ। 

ਲਾਸ ਏਂਜਲਸ ਵਿਚ ਐੱਫ. ਬੀ. ਆਈ. ਦੇ ਦਫ਼ਤਰ ਦੀ ਅਧਿਕਾਰੀ ਲੌਰਾ ਆਈਮਿਲਰ ਅਨੁਸਾਰ ਇਸ ਚੋਰੀ ਨਾਲ ਕਿਸੇ ਤਰ੍ਹਾਂ ਦੇ ਖ਼ਤਰੇ ਦੀ ਸੰਭਾਵਨਾ ਨਹੀਂ ਹੈ ਅਤੇ ਇਸ ਵਾਹਨ ਨਾਲ ਜੁੜੀ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਲਈ ਵਿਭਾਗ ਵੱਲੋਂ ਸੰਭਾਵਿਤ 10,000 ਡਾਲਰ ਤੱਕ ਦੇ ਇਨਾਮ ਨੂੰ ਵੀ ਤੈਅ ਕੀਤਾ ਗਿਆ ਹੈ ਜਦਕਿ ਇਹ ਚੋਰੀ ਕਰਨ ਲਈ 10 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
 


author

Lalita Mam

Content Editor

Related News