ਦੁਨੀਆ ’ਚ ਹਥਿਆਰਾਂ ਦੀ ਦੌੜ ਤੇਜ਼, ਭਾਰਤ ਦੇ ਫੌਜੀ ਖਰਚ ''ਚ ਉਛਾਲ, ਟਾਪ 5 ਦੇਸ਼ਾਂ ’ਚ ਸ਼ਾਮਲ
Tuesday, Apr 28, 2026 - 04:14 AM (IST)
ਵਾਸ਼ਿੰਗਟਨ - ਦੁਨੀਆ ਭਰ ਵਿਚ ਵਧਦੇ ਤਣਾਅ ਅਤੇ ਸੰਘਰਸ਼ਾਂ ਦੇ ਵਿਚਾਲੇ ਫੌਜੀ ਖਰਚ ਲਗਾਤਾਰ ਵਧ ਰਿਹਾ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੀ ਤਾਜ਼ਾ ਰਿਪੋਰਟ ਦੇ ਮੁਤਾਬਕ, 2025 ਵਿਚ ਵਿਸ਼ਵਵਿਆਪੀ ਫੌਜੀ ਖਰਚ ਵਧ ਕੇ 2,887 ਅਰਬ ਡਾਲਰ ਤੱਕ ਪਹੁੰਚ ਗਿਆ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਲੱਗਭਗ 2.9 ਫੀਸਦੀ ਵੱਧ ਹੈ। ਇਸ ਰਿਪੋਰਟ ਵਿਚ ਭਾਰਤ ਨੇ ਖਾਸ ਤੌਰ ’ਤੇ ਧਿਆਨ ਖਿੱਚਿਆ ਹੈ, ਜਿਸ ਨੇ ਰੱਖਿਆ ਖਰਚ ਵਿਚ ਵਾਧੇ ਦੇ ਨਾਲ ਦੁਨੀਆ ਦੇ ਟਾਪ 5 ਦੇਸ਼ਾਂ ਵਿਚ ਆਪਣੀ ਜਗ੍ਹਾ ਬਣਾ ਲਈ ਹੈ।
ਅਮਰੀਕਾ ਅਜੇ ਵੀ ਨੰਬਰ-1, ਪਰ ਖਰਚ ’ਚ ਗਿਰਾਵਟ
ਰਿਪੋਰਟ ਦੇ ਅਨੁਸਾਰ ਅਮਰੀਕਾ ਅਜੇ ਵੀ ਦੁਨੀਆ ਦਾ ਸਭ ਤੋਂ ਵੱਡਾ ਫੌਜੀ ਖਰਚ ਕਰਨ ਵਾਲਾ ਦੇਸ਼ ਹੈ, ਹਾਲਾਂਕਿ 2025 ਵਿਚ ਇਸ ਦਾ ਖਰਚ 7.5 ਫੀਸਦੀ ਘਟ ਕੇ 954 ਅਰਬ ਡਾਲਰ ਰਹਿ ਗਿਆ। ਯੂਕ੍ਰੇਨ ਨੂੰ ਨਵੀਂ ਫੌਜੀ ਸਹਾਇਤਾ ਮਨਜ਼ੂਰ ਨਾ ਹੋਣ ਕਾਰਨ ਇਹ ਗਿਰਾਵਟ ਦੇਖੀ ਗਈ ਹੈ। ਇਸ ਦੇ ਬਾਵਜੂਦ, ਆਉਣ ਵਾਲੇ ਸਾਲਾਂ ਵਿਚ ਅਮਰੀਕਾ ਦਾ ਰੱਖਿਆ ਬਜਟ ਫਿਰ ਤੋਂ ਤੇਜ਼ੀ ਨਾਲ ਵਧਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।
ਟਾਪ-3 ਵਿਚ ਚੀਨ ਅਤੇ ਰੂਸ ਕਾਇਮ
ਚੀਨ 336 ਅਰਬ ਡਾਲਰ (ਅੰਦਾਜ਼ਨ) ਖਰਚ ਦੇ ਨਾਲ ਦੂਜੇ ਸਥਾਨ ’ਤੇ ਹੈ, ਜਦਕਿ ਰੂਸ 190 ਅਰਬ ਡਾਲਰ ਦੇ ਨਾਲ ਤੀਜੇ ਨੰਬਰ ’ਤੇ ਬਣਿਆ ਹੋਇਆ ਹੈ। ਇਨ੍ਹਾਂ ਦੋਵਾਂ ਦੇਸ਼ਾਂ ਦਾ ਵਧਦਾ ਫੌਜੀ ਨਿਵੇਸ਼ ਵਿਸ਼ਵਵਿਆਪੀ ਸ਼ਕਤੀ ਸੰਤੁਲਨ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਭਾਰਤ ਨੇ ਮਾਰੀ ਐਂਟਰੀ, ਪੰਜਵਾਂ ਸਥਾਨ ਹਾਸਲ
ਰਿਪੋਰਟ ਦੇ ਮੁਤਾਬਕ, ਭਾਰਤ ਨੇ 2025 ਵਿਚ ਆਪਣੇ ਫੌਜੀ ਖਰਚ ਵਿਚ 8.9 ਫੀਸਦੀ ਦਾ ਵਾਧਾ ਕਰਦੇ ਹੋਏ ਇਸ ਨੂੰ 92.1 ਅਰਬ ਡਾਲਰ ਤੱਕ ਪਹੁੰਚਾ ਦਿੱਤਾ। ਇਸ ਦੇ ਨਾਲ ਹੀ ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਫੌਜੀ ਖਰਚ ਕਰਨ ਵਾਲਾ ਦੇਸ਼ ਬਣ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਖੇਤਰੀ ਤਣਾਅ, ਖਾਸ ਕਰ ਕੇ ਪਾਕਿਸਤਾਨ ਨਾਲ ਵਧੇ ਫੌਜੀ ਟਕਰਾਅ ਨੇ ਇਸ ਖਰਚ ਨੂੰ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਈ।
ਪਾਕਿਸਤਾਨ ਅਤੇ ਖੇਤਰੀ ਅਸਰ
ਪਾਕਿਸਤਾਨ ਨੇ ਵੀ ਆਪਣੇ ਫੌਜੀ ਖਰਚ ਵਿਚ 11 ਫੀਸਦੀ ਦਾ ਵਾਧਾ ਕੀਤਾ ਹੈ, ਜੋ 11.9 ਅਰਬ ਡਾਲਰ ਤੱਕ ਪਹੁੰਚ ਗਿਆ। ਰਿਪੋਰਟ ਦੇ ਅਨੁਸਾਰ, ਇਹ ਵਾਧਾ ਭਾਰਤ ਦੇ ਨਾਲ ਹੋਏ ਸੰਘਰਸ਼ ਅਤੇ ਨਵੇਂ ਹਥਿਆਰਾਂ ਦੀ ਖਰੀਦ ਕਾਰਨ ਹੋਇਆ ਹੈ।
ਯੂਰਪ ਬਣਿਆ ਖਰਚ ਵਧਣ ਦਾ ਵੱਡਾ ਕਾਰਨ
ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਯੂਰਪ ਵਿਚ ਫੌਜੀ ਖਰਚ ’ਚ 14 ਫੀਸਦੀ ਦਾ ਵੱਡਾ ਵਾਧਾ ਹੋਇਆ ਹੈ, ਜੋ 864 ਅਰਬ ਡਾਲਰ ਤੱਕ ਪਹੁੰਚ ਗਿਆ। ਯੂਕ੍ਰੇਨ ਅਤੇ ਰੂਸ ਦੇ ਵਿਚਕਾਰ ਜਾਰੀ ਜੰਗ ਅਤੇ ਨਾਟੋ ਦੇਸ਼ਾਂ ਦੀ ਤਿਆਰੀ ਇਸ ਦੇ ਮੁੱਖ ਕਾਰਨ ਹਨ।
ਈਰਾਨ ਅਤੇ ਇਜ਼ਰਾਈਲ ਦਾ ਖਰਚ ਘਟਿਆ
ਦਿਲਚਸਪ ਗੱਲ ਇਹ ਹੈ ਕਿ ਈਰਾਨ ਦਾ ਫੌਜੀ ਖਰਚ ਲਗਾਤਾਰ ਦੂਜੇ ਸਾਲ ਘਟਿਆ ਹੈ ਅਤੇ 7.4 ਅਰਬ ਡਾਲਰ ਰਹਿ ਗਿਆ ਹੈ। ਉੱਥੇ ਹੀ ਇਜ਼ਰਾਈਲ ਦਾ ਖਰਚ ਵੀ 4.9 ਫੀਸਦੀ ਡਿੱਗਿਆ ਹੈ। ਮਾਹਿਰਾਂ ਦੇ ਅਨੁਸਾਰ ਆਰਥਿਕ ਚੁਣੌਤੀਆਂ ਅਤੇ ਬਦਲਵੇਂ ਫੰਡਿੰਗ ਮਾਡਲ ਇਸ ਦੇ ਪਿੱਛੇ ਕਾਰਨ ਹੋ ਸਕਦੇ ਹਨ।
ਕੀ ਕਹਿੰਦੀ ਹੈ ਰਿਪੋਰਟ
ਰਿਪੋਰਟ ਦੇ ਅਨੁਸਾਰ, ਵਿਸ਼ਵਵਿਆਪੀ ਅਸੁਰੱਖਿਆ, ਹਥਿਆਰਾਂ ਦੀ ਦੌੜ ਅਤੇ ਖੇਤਰੀ ਸੰਘਰਸ਼ਾਂ ਕਾਰਨ ਦੇਸ਼ਾਂ ਨੇ ਆਪਣੇ ਰੱਖਿਆ ਬਜਟ ਵਿਚ ਵੱਡੇ ਪੱਧਰ ’ਤੇ ਵਾਧਾ ਕੀਤਾ ਹੈ। ਆਉਣ ਵਾਲੇ ਸਮੇਂ ਵਿਚ ਇਹ ਰੁਝਾਨ ਹੋਰ ਤੇਜ਼ ਹੋ ਸਕਦਾ ਹੈ, ਜਿਸ ਨਾਲ ਦੁਨੀਆ ਵਿਚ ਹਥਿਆਰਾਂ ਦੀ ਦੌੜ ਹੋਰ ਵੀ ਵਧਣ ਦਾ ਖਦਸ਼ਾ ਹੈ।
ਟਾਪ-10 ਦੇਸ਼ਾਂ ਦੀ ਸੂਚੀ (2025)
ਦੇਸ਼ ਖਰਚ ਅਰਬ ਡਾਲਰ ਵਿਚ
ਅਮਰੀਕਾ 954
ਚੀਨ 336
ਰੂਸ 190
ਜਰਮਨੀ 114
ਭਾਰਤ 92.1
ਯੂਕ੍ਰੇਨ 84.1
ਸਾਊਦੀ ਅਰਬ 81.5
ਯੂ.ਕੇ. 80.2
ਜਾਪਾਨ 67.4
ਫ੍ਰਾਂਸ 66.5
