ਸਾਊਥਾਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਪਰਿਵਾਰ ਖਿਲਾਫ਼ ਗਲਤ ਸੁਨੇਹਾ ਫੈਲਾਉਣ ਵਾਲੇ ਨੇ ਮੰਗੀ ਮਾਫ਼ੀ

07/21/2017 2:56:57 PM

ਲੰਡਨ (ਮਨਦੀਪ ਖੁਰਮੀ)—ਸਾਊਥਾਲ ਦੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਤੇ ਉਨ੍ਹਾਂ ਦੇ ਪਰਿਵਾਰ ਬਾਰੇ ਗਲਤ ਸੁਨੇਹਾ ਵਟਸਐਪ 'ਤੇ ਨਸ਼ਰ ਕਰਨ ਵਾਲੇ ਸੁਹਿੰਦਰ ਸਿੰਘ ਬੈਨੀਪਾਲ ਨੇ ਜਨਤਕ ਤੌਰ 'ਤੇ ਮਾਫ਼ੀ ਮੰਗ ਕੇ ਹੋਰਨਾਂ ਨੂੰ ਵੀ ਰਾਇ ਦਿੱਤੀ ਹੈ ਕਿ ਉਹ ਕਿਸੇ ਵੀ ਸੁਨੇਹੇ ਸੰਬੰਧੀ ਸੱਚਾਈ ਜਾਨਣ ਉਪਰੰਤ ਹੀ ਅੱਗੇ ਭੇਜਣ। ਬੈਨੀਪਾਲ ਵਲੋਂ ਕਬੂਲ ਕੀਤੇ ਮਾਫ਼ੀਨਾਮੇ ਦੀ ਕਾਪੀ ਗੁਰਮੇਲ ਸਿੰਘ ਮੱਲ੍ਹੀ ਨੇ ਜਗਬਾਣੀ ਨਾਲ ਸਾਂਝੀ ਕੀਤੀ। ਜਿਸ ਵਿੱਚ ਬੈਨੀਪਾਲ ਨੇ ਲਿਖਿਆ ਹੈ ਕਿ ਗੁਰਮੇਲ ਸਿੰਘ ਮੱਲ੍ਹੀ, ਉਨ੍ਹਾਂ ਦੇ ਭਰਾ ਅਤੇ ਪਰਿਵਾਰਕ ਜੀਆਂ ਬਾਰੇ ਝੂਠਾ ਪ੍ਰਚਾਰ ਕਰਨ ਹਿੱਤ ਫੈਲਾਏ ਗਏ ਸੁਨੇਹੇ ਨੂੰ ਉਨ੍ਹਾਂ ਨੇ ਵੀ ਅੱਗੇ ਭੇਜਣ ਦੀ ਗ਼ਲਤੀ ਕੀਤੀ ਸੀ। ਉਨ੍ਹਾਂ ਕਿਹਾ ਕਿ ਮੱਲ੍ਹੀ ਪਰਿਵਾਰ ਸੱਚਾ-ਸੁੱਚਾ ਹੈ ਤੇ ਲੋਕ ਭਲਾਈ ਦੇ ਕਾਰਜ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਹੈ। ਉਹ ਆਪਣੀ ਭੁੱਲ ਲਈ ਖਿਮਾ ਜਾਚਨਾ ਕਰਦੇ ਹਨ ਅਤੇ ਹੋਰਨਾਂ ਲੋਕਾਂ ਨੂੰ ਵੀ ਅਰਜ਼ ਕਰਦੇ ਹਨ ਕਿ ਕੋਈ ਵੀ, ਕਿਸੇ ਤਰ੍ਹਾਂ ਦਾ ਵੀ ਸੁਨੇਹਾ ਅੱਗੇ ਭੇਜਣ ਤੋਂ ਪਹਿਲਾਂ ਪੜਤਾਲ ਜ਼ਰੂਰ ਕਰ ਲੈਣ ਤਾਂ ਜੋ ਸੁਨੇਹੇ 'ਚ ਦਰਸਾਏ ਗਏ ਤੱਥ ਸਹੀ ਹਨ ਜਾਂ ਭੁਲੇਖਾਪਾਊ ਹਨ।


Related News