Covid 19: ਅਮਰੀਕਾ ’ਚ ਦੁਬਾਰਾ ਬੰਦ ਹੋ ਰਹੇ ਐਪਲ ਸਟੋਰ
Saturday, Jun 20, 2020 - 01:36 PM (IST)

ਗੈਜੇਟ ਡੈਸਕ– ਅਮਰੀਕਾ ’ਚ ਐਪਲ ਦੇ ਕੁਝ ਸਟੋਰ ਦੁਬਾਰਾ ਅਸਥਾਈ ਤੌਰ ’ਤੇ ਬੰਦ ਹੋ ਰਹੇ ਹਨ। ਰਿਪੋਰਟ ਮੁਤਾਬਕ, ਫਲੋਰਿਡਾ, ਐਰੀਜ਼ੋਨਾ, ਦੱਖਣੀ ਕੋਰੋਲਿਨਾ ਅਤੇ ਉੱਤਰੀ ਕੋਰੋਲਿਨਾ ਦੇ ਕੁਝ ਸਟੋਰ ਅਸਥਾਈ ਤੌਰ ’ਤੇ ਬੰਦ ਹੋਣਗੇ। ਅਮਰੀਕਾ ’ਚ ਵਧਦੇ ਕੋਰੋਨਾ ਦੇ ਮਾਮਲਿਆਂ ਨੂੰ ਵੇਖਦੇ ਹੋਏ ਐਪਲ ਨੇ ਇਹ ਫ਼ੈਸਲਾ ਲਿਆ ਹੈ। ਇਨ੍ਹਾਂ ਸਟੋਰਾਂ ਦੇ ਬੰਦ ਹੋਣ ਦੇ ਐਲਾਨ ਕਾਰਨ ਐਪਲ ਦੇ ਸ਼ੇਅਰ ’ਚ 0.5 ਫ਼ੀਸਦੀ ਦੀ ਗਿਰਾਵਟ ਦਰਜ ਹੋਈ ਹੈ। ਅਮਰੀਕਾ ’ਚ ਕੋਰੋਨਾ ਦੇ ਮਾਮਲੇ 20 ਲੱਖ ਦਾ ਅੰਕੜਾ ਪਾਰ ਕਰ ਚੁੱਕੇ ਹਨ ਅਤੇ 1,18,396 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਮਈ ’ਚ ਐਪਲ ਦੇ ਰਿਟੇਲ ਦੇ ਚੀਫ ਨੇ ਕਿਹਾ ਸੀ ਕਿ ਸਟੋਰਾਂ ਨੂੰ ਹੌਲੀ-ਹੌਲੀ ਖੋਲ੍ਹਿਆ ਜਾ ਰਿਹਾ ਹੈ ਪਰ ਕੋਵਿਡ-19 ਦੀ ਸਥਿਤੀ ਨੂੰ ਵੇਖਦੇ ਹੋਏ ਇਨ੍ਹਾਂ ਨੂੰ ਦੁਬਾਰਾ ਬੰਦ ਕੀਤਾ ਜਾ ਸਕਦਾ ਹੈ।
ਦੱਸ ਦੇਈਏ ਕਿ ਹਾਲ ਹੀ ’ਚ ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਐਪਲ ਆਈਫੋਨ ਐੱਸ.ਈ. 2020 ਦਾ ਨਿਰਮਾਣ ਭਾਰਤ ’ਚ ਕਰੇਗੀ। ਭਾਰਤ ’ਚ ਆਈਫੋਨ ਦਾ ਨਿਰਮਾਣ ਹੋਣ ਨਾਲ ਕੰਪਨੀ ਨੂੰ ਵੀ ਫਾਇਦਾ ਹੋਵੇਗਾ ਕਿ ਉਸ ਨੂੰ 20 ਫ਼ੀਸਦੀ ਆਯਾਤ ਭੁਗਤਾਨ ਨਹੀਂ ਦੇਣਾ ਹੋਵੇਗਾ। ਐਪਲ ਤਾਇਵਾਨ ਦੇ ਨਿਰਮਾਤਾ ਵਿਸਟ੍ਰੋਨ ਨਾਲ ਇਸ ਲਈ ਗੱਲ ਕਰ ਰਹੀ ਹੈ ਤਾਂ ਜੋ ਭਾਰਤ ’ਚ ਆਈਫੋਨ ਐੱਸ.ਈ. 2020 ਦੇ ਪ੍ਰੋਡਕਸ਼ਨ ਲਈ ਪੁਰਜ਼ੇ ਮੁਹੱਈਆ ਕਰਵਾਏ ਜਾ ਸਕਣ। ਸਾਲ 2017 ’ਚ ਹੀ ਐਪਲ ਨੇ ਭਾਰਤ ’ਚ ਆਈਫੋਨ ਦੇ ਕੁਝ ਮਾਡਲਾਂ ਦਾ ਨਿਰਮਾਣ ਕਰਨਾ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਸਾਲ 2019 ’ਚ ਐਪਲ ਨੇ ਆਈਫੋਨ ਐਕਸ ਆਰ ਦਾ ਪ੍ਰੋਡਕਸ਼ਨ ਭਾਰਤ ’ਚ ਸ਼ੁਰੂ ਕੀਤਾ ਸੀ। ‘ਦਿ ਇਨਫਾਰਮੇਸ਼ਨ ਦੀ ਰਿਪੋਰਟ ਮੁਤਾਬਕ, ਅਗਲੇ ਮਹੀਨੇ ਤੋਂ ਐਪਲ ਨੇ ਆਈਫੋਨ ਐੱਸ.ਈ. 2020 ਦੇ ਪੁਰਜ਼ੇ ਤਾਇਵਾਨ ਦੀ ਕੰਪਨੀ ਵਿਸਟ੍ਰੋਨ ਨੂੰ ਸਪਲਾਈ ਕਰਨ ਲਈ ਕਿਹਾ ਹੈ।