ਟਰੰਪ ਦਾ ਮਾਰ-ਏ-ਲਾਗੋ ਤੋਂ ਬਰਾਮਦ ਦਸਤਾਵੇਜ਼ਾਂ ਦੀ ਸਮੀਖਿਆ ਲਈ ‘ਵਿਸ਼ੇਸ਼ ਮਾਸਟਰ’ ਨਿਯੁਕਤ ਕਰਨ ਦੀ ਅਪੀਲ
Wednesday, Aug 24, 2022 - 02:17 PM (IST)

ਵਾਸ਼ਿੰਗਟਨ– ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਕੀਲਾਂ ਨੇ ਅਦਾਲਤ ਵਿਚ ਸੰਘੀ ਜਾਂਚ ਬਿਊਰੋ (ਐੱਫ. ਬੀ. ਆਈ.) ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿਚ ਫਲੋਰਿਡਾ ਸਥਿਤ ਟਰੰਪ ਦੀ ਰਿਹਾਇਸ਼ ਤੋਂ ਮਿਲੇ ਦਸਤਾਵੇਜ਼ਾਂ ਦੀ ਸਮੀਖਿਆ ਕਰਨ ਤੋਂ ਓਦੋਂ ਤੱਕ ਰੋਕਣ ਦੀ ਅਪੀਲ ਕੀਤੀ ਹੈ ਜਦੋਂ ਤੱਕ ਕਿ ਇਨ੍ਹਾਂ ਦੀ ਜਾਂਚ ਕਰਨ ਲਈ ਇਕ ਨਿਰਪੱਖ ‘ਵਿਸ਼ੇਸ਼ ਮਾਸਟਰ’ ਦੀ ਨਿਯੁਕਤੀ ਨਹੀਂ ਹੋ ਜਾਂਦੀ।
ਜ਼ਿਕਰਯੋਗ ਹੈ ਕਿ ਐੱਫ. ਬੀ. ਆਈ. ਨੇ ਟਰੰਪ ਦੇ ਮਾਰ-ਏ-ਲਾਗੋ ਰਿਹਾਇਸ਼ ’ਤੇ ਛਾਪਾ ਮਾਰ ਕੇ ਉਥੋਂ ਗੁਪਤ ਦਸਤਾਵੇਜ਼ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਕਾਰਵਾਈ ਤੋਂ ਬਾਅਦ ਪਹਿਲੀ ਵਾਰ ਟਰੰਪ ਦੇ ਕਾਨੂੰਨੀ ਦਲ ਨੇ ਅਰਜ਼ੀ ਦਾਇਰ ਕੀਤੀ ਹੈ। ਇਹ ਅਰਜ਼ੀ ਅਜਿਹੇ ਸਮੇਂ ਦਾਖਲ ਕੀਤੀ ਗਈ ਹੈ ਜਦੋਂ ‘ਨਿਊਯਾਰਕ ਟਾਈਮਸ’ ਦੀ ਖਬਰ ਮੁਤਾਬਕ, ਸਰਕਾਰ ਨੇ ਟਰੰਪ ਦੇ ਅਹੁਦਾ ਛੱਡਣ ਤੋਂ ਬਾਅਦ ਤੋਂ ਮਾਰ-ਏ-ਲਾਗੋ ਤੋਂ 300 ਤੋਂ ਜ਼ਿਆਦਾ ਗੁਪਤ ਦਸਤਾਵੇਜ ਬਰਾਮਦ ਕੀਤੇ ਹਨ। ਦਰਅਸਲ, ‘ਵਿਸ਼ੇਸ਼ ਮਾਸਟਰ’ ਨੂੰ ਮਾਰ-ਏ-ਲਾਗੋ ਤੋਂ ਬਰਾਦਮ ਦਸਤਾਵੇਜ਼ਾਂ ਦਾ ਨਿਰੀਖਣ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਾਏਗੀ ਅਤੇ ਉਨ੍ਹਾਂ ਲੋਕਾਂ ਨੂੰ ਵੱਖ ਕੀਤਾ ਜਾਏਗਾ ਜਿਨ੍ਹਾਂ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਹਨ।