ਇਮਰਾਨ ਖਾਨ ਦੇ ਸਮਰਥਨ ’ਚ ਆਸਟ੍ਰੇਲੀਆ ਦੇ ਸਾਬਕਾ 7 ਕਪਤਾਨਾਂ ਦੀ ਅਪੀਲ

Wednesday, Sep 16, 2026 - 10:09 AM (IST)

ਇਮਰਾਨ ਖਾਨ ਦੇ ਸਮਰਥਨ ’ਚ ਆਸਟ੍ਰੇਲੀਆ ਦੇ ਸਾਬਕਾ 7 ਕਪਤਾਨਾਂ ਦੀ ਅਪੀਲ

ਮੈਲਬੋਰਨ : ਆਸਟ੍ਰੇਲੀਆ ਦੇ ਸਾਬਕਾ 7 ਕ੍ਰਿਕਟ ਕਪਤਾਨਾਂ ਨੇ ਹੁਣ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੌਂਗ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਨੇ ਪਾਕਿਸਤਾਨ ’ਚ ਹਿਰਾਸਤ ’ਚ ਰੱਖੇ ਗਏ ਇਮਰਾਨ ਖਾਨ ਨੂੰ ਲੈ ਕੇ ਮਨੁੱਖੀ ਚਿੰਤਾਵਾਂ ਜਤਾਈਆਂ ਹਨ। ਵਿਦੇਸ਼ ਮੰਤਰੀ ਨੂੰ ਭੇਜੇ ਗਏ ਪੱਤਰ ’ਤੇ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਐਲਨ ਬਾਰਡਰ, ਗ੍ਰੇਗ ਚੈਪਲ, ਇਆਨ ਚੈਪਲ, ਬੇਲਿੰਡਾ ਕਲਾਰਕ, ਕਿਮ ਹਿਊਜ਼, ਮਾਰਕ ਟੇਲਰ ਤੇ ਸਟੀਵ ਵਾ ਨੇ ਦਸਤਖਤ ਕੀਤੇ ਹਨ। ਉਨ੍ਹਾਂ ਨੇ ਸਾਫ ਕੀਤਾ ਕਿ ਉਹ ਇਹ ਪੱਤਰ ‘‘ਰਾਜਦੂਤਾਂ ਜਾਂ ਸਿਆਸੀ ਸ਼ਖਸੀਅਤਾਂ ਦੇ ਰੂਪ ’ਚ ਨਹੀਂ, ਸਗੋਂ ਸਾਬਕਾ ਕਪਤਾਨਾਂ ਦੇ ਰੂਪ ’ਚ ਲਿਖ ਰਹੇ ਹਨ, ਜਿਨ੍ਹਾਂ ਨੂੰ ਆਪਣੀ ਗੱਲ ਰੱਖਣ ਦੀ ਲੋੜ ਮਹਿਸੂਸ ਹੋਈ।’’

ਪੱਤਰ ’ਚ ਇਸ ਸਮੂਹ ਨੇ ਸਾਫ ਕਿਹਾ ਹੈ ਕਿ ਉਹ ਇਮਰਾਨ ਖਾਨ ਦੇ ਵਿਰੁੱਧ ਚੱਲ ਰਹੇ ਕਾਨੂੰਨੀ ਜਾਂ ਸਿਆਸੀ ਮਾਮਲੇ ’ਤੇ ਕੋਈ ਰਾਏ ਨਹੀਂ ਦੇ ਰਿਹਾ ਹੈ। ਉਨ੍ਹਾਂ ਦੇ ਮੁਤਾਬਕ ਇਹ ਮਾਮਲਾ ਪੂਰੀ ਤਰ੍ਹਾਂ ਪਾਕਿਸਤਾਨ ਦਾ ਹੈ। ਉਨ੍ਹਾਂ ਦੀ ਚਿੰਤਾ ਹਿਰਾਸਤ ’ਚ ਰੱਖੇ ਗਏ ਕਿਸੇ ਵੀ ਵਿਅਕਤੀ ਨਾਲ ਹੋਣ ਵਾਲੇ ਵਿਵਹਾਰ ਨੂੰ ਲੈ ਕੇ ਹੈ। ਉਨ੍ਹਾਂ ਨੇ ਇਸ ਨੂੰ ‘‘ਸਿਆਸਤ ਚਾਹੇ ਜਿਹੜੀ ਵੀ ਹੋਵੇ, ਬੁਨਿਆਦੀ ਇਨਸਾਨੀਅਤ ਦਾ ਮਾਮਲਾ’’ ਦੱਸਿਆ ਹੈ। ਇਮਰਾਨ ਖਾਨ ਦੇ ਸਮਰਥਨ ’ਚ ਦੁਨੀਆ ਦੇ ਜਾਣੇ-ਪਛਾਣੇ ਸਾਬਕਾ ਕੌਮਾਂਤਰੀ ਕ੍ਰਿਕਟਰਾਂ ਵੱਲੋਂ ਕੀਤੀ ਗਈ ਇਹ ਇਕ ਹੋਰ ਅਪੀਲ ਹੈ। ਇਮਰਾਨ ਪਾਕਿਸਤਾਨ ਦਾ ਸਾਬਕਾ ਕ੍ਰਿਕਟ ਕਪਤਾਨ ਤੇ ਪ੍ਰਧਾਨ ਮੰਤਰੀ ਰਹਿ ਚੁੱਕਾ ਹੈ।

ਦੁਨੀਆ ਦੇ 22 ਸਾਬਕਾ ਕੌਮਾਂਤਰੀ ਕਪਤਾਨਾਂ ਨੇ 23 ਅਗਸਤ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਪੱਤਰ ਲਿਖਿਆ ਸੀ। ਉਨ੍ਹਾਂ ਨੇ ਇਮਰਾਨ ਦੇ ਬਿਹਤਰ ਇਲਾਜ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਅਜੇ ਉਨ੍ਹਾਂ ਨੂੰ ਜਿਹੜੀ ਡਾਕਟਰੀ ਸਹੂਲਤ ਮਿਲ ਰਹੀ ਹੈ, ਉਹ ਸੁਪਰੀਮ ਕੋਰਟ ਦੇ ਨਿਰਦੇਸ਼ ਮੁਤਾਬਕ ਨਹੀਂ ਹੈ।


author

SATPAL

Content Editor

Related News