ਪਾਕਿਸਤਾਨ ''ਚ ਅੱਤਵਾਦ ਖ਼ਿਲਾਫ਼ ਵੱਡਾ ਆਪਰੇਸ਼ਨ ! TTP ਦੇ 7 ਮੈਂਬਰ ਢੇਰ
Tuesday, Sep 29, 2026 - 03:38 PM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਸੂਬਿਆਂ 'ਚ ਮੰਗਲਵਾਰ ਨੂੰ ਚਲਾਏ ਗਏ ਖ਼ੁਫ਼ੀਆ ਜਾਣਕਾਰੀ 'ਤੇ ਅਧਾਰਿਤ ਵੱਖ-ਵੱਖ ਆਪ੍ਰੇਸ਼ਨਾਂ ਦੌਰਾਨ ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਦੇ 7 ਅੱਤਵਾਦੀ ਮਾਰੇ ਗਏ ਹਨ।
ਖੈਬਰ ਜ਼ਿਲ੍ਹੇ ਦੇ ਬਾਰਾ ਖੇਤਰ ਵਿੱਚ ਚਲਾਏ ਗਏ ਆਪ੍ਰੇਸ਼ਨ 'ਚ 5 ਅੱਤਵਾਦੀ ਮਾਰੇ ਗਏ, ਜਿਨ੍ਹਾਂ ਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ਹਥਿਆਰ ਅਤੇ ਅਸਲਾ ਬਰਾਮਦ ਕੀਤਾ ਗਿਆ ਹੈ। ਸੁਰੱਖਿਆ ਬਲਾਂ ਵੱਲੋਂ ਉਨ੍ਹਾਂ ਦੇ ਟਿਕਾਣੇ ਤਬਾਹ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬਲੋਚਿਸਤਾਨ ਦੇ ਚਾਗਈ ਜ਼ਿਲ੍ਹੇ 'ਚ ਹੋਈ ਮੁਕਾਬਲੇ ਦੌਰਾਨ 2 ਅੱਤਵਾਦੀ ਮਾਰੇ ਗਏ ਹਨ।
ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ 2 ਦਿਨ ਪਹਿਲਾਂ ਹੀ ਪਾਕਿਸਤਾਨੀ ਫੌਜ ਨੇ ਬਲੋਚਿਸਤਾਨ ਦੇ ਸ਼ਾਬਾਨ ਅਤੇ ਹੋਰ ਇਲਾਕਿਆਂ ਵਿੱਚ 71 ਅੱਤਵਾਦੀਆਂ ਨੂੰ ਢੇਰ ਕੀਤਾ ਸੀ। ਇਸ ਤੋਂ ਪਹਿਲਾਂ 20 ਸਤੰਬਰ ਨੂੰ ਹੰਗੂ ਵਿੱਚ ਹੋਈ ਫਾਇਰਿੰਗ ਦੌਰਾਨ 8 ਅੱਤਵਾਦੀ ਮਾਰੇ ਗਏ ਸਨ, ਜਦਕਿ 2 ਸੁਰੱਖਿਆ ਕਰਮੀ ਅਤੇ 4 ਹੋਰ ਲੋਕਾਂ ਦੀ ਜਾਨ ਗਈ ਸੀ।
ਅਗਸਤ ਮਹੀਨੇ ਦੌਰਾਨ ਪੂਰੇ ਪਾਕਿਸਤਾਨ ਵਿੱਚ ਹੋਏ ਅੱਤਵਾਦੀ ਹਮਲਿਆਂ ਵਿੱਚ 378 ਲੋਕਾਂ ਦੀ ਮੌਤ ਹੋਈ, ਜਦਕਿ ਇਸੇ ਮਹੀਨੇ ਅੱਤਵਾਦ ਵਿਰੋਧੀ ਅਪ੍ਰੇਸ਼ਨਾਂ ਦੌਰਾਨ 203 ਅੱਤਵਾਦੀ ਢੇਰ ਕੀਤੇ ਗਏ, ਜਦਕਿ 54 ਸੁਰੱਖਿਆ ਜਵਾਨ ਸ਼ਹੀਦ ਹੋਏ। ਇਸ ਦੌਰਾਨ ਅੱਤਵਾਦੀ ਹਿੰਸਾ ਤੋਂ ਬਲੋਚਿਸਤਾਨ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਰਿਹਾ ਹੈ, ਜਿਸ ਤੋਂ ਬਾਅਦ ਖੈਬਰ ਪਖਤੂਨਖਵਾ ਦੂਜੇ ਨੰਬਰ 'ਤੇ ਹੈ।
