2 ਦੌਰ ਦੀ ਗੱਲਬਾਤ ਨਾਕਾਮ ! ਇਮਰਾਨ ਖ਼ਾਨ ਦੀ ਖ਼ਾਤਰ ਸੜਕਾਂ ’ਤੇ ਉੱਤਰੀ ਹਜ਼ਾਰਾਂ ਦੀ ਭੀੜ
Tuesday, Oct 06, 2026 - 11:01 AM (IST)
ਇੰਟਰਨੈਸ਼ਨਲ ਡੈਸਕ- ਭਾਰਤ ਦੇ ਗੁਆਂਢੀ ਪਾਕਿਸਤਾਨ ਵਿਚ ਭਿਆਨਕ ਹੰਗਾਮਾ ਸ਼ੁਰੂ ਹੋ ਗਿਆ ਹੈ। ਇਸ ਦੀ ਵਜ੍ਹਾ ਪੀ. ਟੀ. ਆਈ. ਭਾਵ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸਮਰਥਕਾਂ ਦਾ ਪ੍ਰਦਰਸ਼ਨ ਹੈ। ਹਜ਼ਾਰਾਂ ਦੀ ਗਿਣਤੀ ਵਿਚ ਪੀ. ਟੀ. ਆਈ. ਸਮਰਥਕ ਆਪਣੇ ਨੇਤਾ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸੜਕਾਂ ’ਤੇ ਉੱਤਰ ਆਏ ਹਨ। ਖ਼ਾਨ ਸਾਲ 2023 ਤੋਂ ਜੇਲ ਵਿਚ ਬੰਦ ਹਨ।
ਖ਼ਬਰਾਂ ਹਨ ਕਿ ਪ੍ਰਦਰਸ਼ਨਕਾਰੀਆਂ ਅਤੇ ਪਾਕਿਸਤਾਨ ਸਰਕਾਰ ਵਿਚਾਲੇ 2 ਦੌਰ ਦੀ ਗੱਲਬਾਤ ਅਸਫ਼ਲ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਇਹ ਲੌਂਗ ਮਾਰਚ 27 ਸਤੰਬਰ ਤੋਂ ਸ਼ੁਰੂ ਹੋਣਾ ਸੀ, ਪਰ ਇਸ ਨੂੰ ਬਾਅਦ ਵਿਚ 4 ਅਕਤੂਬਰ ਤੱਕ ਲਈ ਟਾਲ ਦਿੱਤਾ ਗਿਆ ਸੀ। ਸਰਕਾਰ ਪ੍ਰਦਰਸ਼ਨਕਾਰੀਆਂ ਨੂੰ ਰਾਜਧਾਨੀ ਇਸਲਾਮਾਬਾਦ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਕੋਸ਼ਿਸ਼ ਕਰ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਸਰਕਾਰੀ ਅਧਿਕਾਰੀਆਂ ਨੇ ਖ਼ੈਬਰ ਪਖ਼ਤੂਨਖ਼ਵਾ ਵਿਚ ਰਾਸ਼ਟਰਪਤੀ ਸ਼ਾਸਨ ਜਾਂ ਐਮਰਜੈਂਸੀ ਲਾਉਣ ਦੀ ਸੰਭਾਵਨਾ ਵੀ ਪ੍ਰਗਟਾਈ ਹੈ।
ਮਾਰਚ ਤੋਂ ਪਹਿਲਾਂ ਸੂਬੇ ਦੇ ਕਈ ਜ਼ਿਲਿਆਂ ਵਿਚ ਧਾਰਾ 144 ਤਹਿਤ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ। ਡੇਰਾ ਇਸਮਾਈਲ ਖ਼ਾਨ ਵਿਚ 6 ਅਕਤੂਬਰ ਤੱਕ ਨਿਰਧਾਰਤ ਰਸਤਿਆਂ ’ਤੇ ਲੋਕਾਂ ਅਤੇ ਗੱਡੀਆਂ ਦੀ ਆਵਾਜਾਈ ’ਤੇ ਰੋਕ ਲਾ ਦਿੱਤੀ ਗਈ ਹੈ। ਕਾਨੂੰਨ-ਵਿਵਸਥਾ ਅਤੇ ਜਨ-ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਦੱਖਣੀ ਵਜ਼ੀਰਿਸਤਾਨ, ਟਾਂਕ ਅਤੇ ਹੰਗੂ ਦੇ ਕੁਝ ਹਿੱਸਿਆਂ ਵਿਚ ਵੀ ਇਸੇ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਹਨ।
