ਅਮਰੀਕਾ: ਐਂਟੀ ਏਸ਼ੀਅਨ ਹੇਟ ਕ੍ਰਾਈਮ ਬਿੱਲ ਸਦਨ ਨੇ ਕੀਤਾ ਪਾਸ, ਬਾਈਡੇਨ ਦੁਆਰਾ ਕੀਤੇ ਜਾਣਗੇ ਦਸਤਖ਼ਤ

Thursday, May 20, 2021 - 11:02 AM (IST)

ਅਮਰੀਕਾ: ਐਂਟੀ ਏਸ਼ੀਅਨ ਹੇਟ ਕ੍ਰਾਈਮ ਬਿੱਲ ਸਦਨ ਨੇ ਕੀਤਾ ਪਾਸ, ਬਾਈਡੇਨ ਦੁਆਰਾ ਕੀਤੇ ਜਾਣਗੇ ਦਸਤਖ਼ਤ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕੀ ਸਦਨ ਨੇ ਮੰਗਲਵਾਰ ਨੂੰ ਦੇਸ਼ ਵਿੱਚ ਏਸ਼ੀਅਨ ਲੋਕਾਂ ਵਿਰੋਧੀ ਨਫ਼ਰਤੀ ਅਪਰਾਧਾਂ ਵਿੱਚ ਹੋਏ ਵਾਧੇ ਨੂੰ ਰੋਕਣ ਦੇ ਉਦੇਸ਼ ਨਾਲ ਇੱਕ ਬਿੱਲ ਭਾਰੀ ਵੋਟ ਨਾਲ ਪਾਸ ਕੀਤਾ ਹੈ। ਇਸ ਬਿੱਲ ਨੂੰ ਰਾਸ਼ਟਰਪਤੀ ਜੋਅ ਬਾਈਡੇਨ ਦੇ ਡੈਸਕ 'ਤੇ ਦਸਤਖ਼ਤ ਲਈ ਭੇਜਿਆ ਗਿਆ ਹੈ। ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਵੀਰਵਾਰ ਨੂੰ ਇਸ ਬਿੱਲ 'ਤੇ ਦਸਤਖ਼ਤ ਕਰਕੇ ਕਾਨੂੰਨ ਵਿੱਚ ਤਬਦੀਲ ਕਰਨ ਦੀ ਉਮੀਦ ਹੈ। 

ਇਹ ਬਿੱਲ ਕੋਵਿਡ ਹੇਟ ਕ੍ਰਾਈਮਜ਼ ਐਕਟ ਸਦਨ ਵਿੱਚ 364-62 ਵੋਟਾਂ ਨਾਲ ਪਾਸ ਹੋਇਆ, ਜਿਸ ਨੂੰ ਰਿਪਬਲਿਕਨ ਮੈਂਬਰਾਂ ਦੁਆਰਾ  ਵੋਟਾਂ ਨਹੀਂ ਪਾਈਆਂ ਗਈਆਂ। ਸੈਨੇਟ ਨੇ ਪਿਛਲੇ ਮਹੀਨੇ 94-1 ਵੋਟਾਂ ਨਾਲ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ ਸੀ। ਡੈਮੋਕਰੇਟਿਕ ਸੈਨੇਟਰ ਮਾਜ਼ੀ ਹੀਰੋਨੋ ਅਤੇ ਡੈਮੋਕਰੇਟਿਕ ਕਾਂਗਰਸ ਵੂਮੈਨ ਗ੍ਰੇਸ ਮੈਂਗ ਅਨੁਸਾਰ ਪਿਛਲੇ ਤਕਰੀਬਨ ਡੇਢ ਸਾਲ ਤੋਂ ਏਸ਼ੀਆਈ-ਅਮਰੀਕੀ ਭਾਈਚਾਰੇ ਵਿਰੁੱਧ ਨਫ਼ਰਤ ਅਤੇ ਹਿੰਸਾ ਵਿੱਚ ਵਾਧਾ ਹੋ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਯੂਨੀਵਰਸਿਟੀ ਦੇ ਫ਼ਰਮਾਨ ਨੇ ਵਧਾਈ ਭਾਰਤੀ ਵਿਦਿਆਰਥੀਆਂ ਦੀ ਚਿੰਤਾ

ਏਸ਼ੀਆਈ ਮੂਲ ਦੇ ਲੋਕਾਂ ਨੂੰ ਕੋਵਿਡ-19 ਦੇ ਫੈਲਣ ਲਈ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਇਸ ਦੇ ਨਤੀਜੇ ਵਜੋਂ ਏਸ਼ੀਆਈ ਅਮਰੀਕੀਆਂ ਨੂੰ ਨਫਰਤ ਦਾ ਸ਼ਿਕਾਰ ਹੋਣਾ ਪਿਆ ਹੈ। ਇਹ ਕਾਨੂੰਨ ਜਸਟਿਸ ਵਿਭਾਗ ਵਿੱਚ ਕੋਵਿਡ -19 ਨਾਲ ਸਬੰਧਤ ਨਫ਼ਰਤ ਦੇ ਅਪਰਾਧਾਂ ਦੀ ਸਮੀਖਿਆ ਤੇਜ਼ ਕਰਨ ਲਈ ਇੱਕ ਸਥਿਤੀ ਪੈਦਾ ਕਰੇਗਾ ਅਤੇ ਨਫ਼ਰਤੀ ਘਟਨਾਵਾਂ  ਦੀ ਰਿਪੋਰਟ ਕਰਨ ਦੇ ਨਾਲ ਅਪਰਾਧਾਂ ਨੂੰ ਰੋਕਣ ਅਤੇ ਪਛਾਣ ਕਰਨ ਦੇ ਉਦੇਸ਼ਾਂ ਲਈ ਰਾਜਾਂ ਨੂੰ ਗ੍ਰਾਂਟ ਪ੍ਰਦਾਨ ਕਰੇਗਾ। ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਨ ਬਰਨਾਰਦਿਨੋ ਵਿਖੇ ਸੈਂਟਰ ਫਾਰ ਸਟੱਡੀ ਆਫ਼ ਹੇਟ ਦੇ ਇੱਕ ਤਾਜ਼ਾ ਅਧਿਐਨ ਵਿੱਚ ਦੱਸਿਆ ਗਿਆ ਹੈ ਕਿ ਦੇਸ਼ ਦੇ ਸਭ ਤੋਂ ਵੱਡੇ 16 ਸ਼ਹਿਰਾਂ ਅਤੇ ਕਾਉਂਟੀਜ਼ ਵਿੱਚ ਏਸ਼ੀਆਈ ਅਮਰੀਕੀਆਂ ਵਿਰੁੱਧ ਅਪਰਾਧ ਪਿਛਲੇ ਸਾਲ ਤੋਂ164 ਪ੍ਰਤੀਸ਼ਤ ਵਧ ਗਏ ਹਨ।


author

Vandana

Content Editor

Related News