ਡ੍ਰੈਗਨ ਦੀ ਇਕ ਹੋਰ ਚਾਲ, ਪੀ.ਓ.ਕੇ. ਦੀ ਵੈਲੀ ''ਚ ਬਣਾ ਰਿਹੈ 36 ਕਿਲੋਮੀਟਰ ਲੰਬੀ ਸੜਕ

03/27/2018 2:32:59 AM

ਬੀਜਿੰਗ (ਇੰਟ.)— ਕੀ ਚੀਨ ਦੀਆਂ ਨਜ਼ਰਾਂ ਹੁਣ ਸੀਆਚਿੰਨ 'ਤੇ ਹਨ? ਚੀਨ ਲਗਾਤਾਰ ਭਾਰਤ ਨਾਲ ਲੱਗਦੀ ਸਰਹੱਦ ਅਤੇ ਚੀਨ-ਪਾਕਿਸਤਾਨ ਇਕਨਾਮਿਕ ਕਾਰੀਡੋਰ (ਸੀ. ਪੀ. ਈ. ਸੀ.) ਦੇ ਬਹਾਨੇ ਆਪਣੀਆਂ ਸਰਗਰਮੀਆਂ ਵਿਚ ਵਾਧਾ ਕਰ ਰਿਹਾ ਹੈ। ਡ੍ਰੈਗਨ ਨੇ ਇਕ ਹੋਰ ਚਾਲ ਚੱਲ ਕੇ ਹੁਣ ਪੀ. ਓ. ਕੇ. ਵਿਚ ਸ਼ਕਸਗਮ ਵੈਲੀ ਵਿਚ 36 ਕਿਲੋਮੀਟਰ ਲੰਬੀ ਸੜਕ ਦੀ ਉਸਾਰੀ ਸ਼ੁਰੂ ਕਰ ਦਿੱਤੀ ਹੈ।
ਇਸ ਵੈਲੀ ਨੂੰ ਪਾਕਿਸਤਾਨ ਨੇ ਚੀਨ ਨੂੰ ਗਿਫਟ ਕੀਤਾ ਸੀ। ਇਥੇ ਸੜਕ ਦੀ ਮਦਦ ਨਾਲ ਚੀਨੀ ਫੌਜ ਨੂੰ ਸੀਆਚਿੰਨ ਦੇ ਨੇੜੇ ਐੱਲ. ਓ. ਸੀ. ਤਕ ਪਹੁੰਚਣ ਵਿਚ ਮਦਦ ਮਿਲੇਗੀ। ਚੀਨ ਵਲੋਂ ਜਾਰੀ ਕੀਤੇ ਗਏ ਉਸਾਰੀ ਕਾਰਜ ਨੂੰ ਭਾਰਤ ਨੂੰ ਭੜਕਾਉਣ ਦੀ ਇਕ ਤਾਜ਼ਾ ਕਾਰਵਾਈ ਵਜੋਂ ਦੇਖਿਆ ਜਾ ਸਕਦਾ ਹੈ। ਨਾ ਸਿਰਫ ਸੜਕ ਸਗੋਂ ਚੀਨ ਨੇ ਇਥੇ ਮਿਲਟਰੀ ਪੋਸਟ ਵੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਸ਼ਕਸਗਮ ਵਾਦੀ ਸੀਆਚਿੰਨ ਗਲੇਸ਼ੀਅਰ ਦੇ ਉੱਤਰ ਵਿਚ ਹੈ।
ਆਸਾਨੀ ਨਾਲ ਸਰਹੱਦ 'ਤੇ ਪਹੁੰਚ ਸਕਣਗੇ ਚੀਨੀ ਫੌਜੀ
ਚੀਨੀ ਫੌਜੀ  ਪਿਛਲੇ 6 ਮਹੀਨਿਆਂ ਅੰਦਰ ਕਦੇ ਡੋਕਲਾਮ ਅਤੇ ਕਦੇ ਅਰੁਣਾਚਲ ਦੇ ਤੁਤਿੰਗ 'ਚ ਭਾਰਤੀ ਫੌਜੀਆਂ ਦੇ ਸਾਹਮਣੇ ਆ ਚੁੱਕੇ ਹਨ। 36 ਕਿਲੋਮੀਟਰ ਲੰਬੀ ਸੜਕ ਬਣਨ ਨਾਲ ਚੀਨੀ ਫੌਜੀ ਆਸਾਨੀ ਨਾਲ ਸਰਹੱਦ ਤਕ ਪਹੁੰਚ ਸਕਣਗੇ। ਇਹ ਸੜਕ ਬਣਨ ਪਿੱਛੋਂ ਐੱਲ. ਓ. ਸੀ. 'ਤੇ ਚੀਨ ਹੋਰ ਵਧੇਰੇ ਫੌਜੀ ਭੇਜ ਸਕੇਗਾ। ਸ਼ਕਸਗਮ ਵਾਦੀ ਪੀ. ਓ. ਕੇ. ਦਾ ਹਿੱਸਾ ਹੈ ਅਤੇ ਇਹ ਚੀਨ ਦੇ ਸ਼ਿਨਜਿਆਂਗ ਸੂਬੇ ਅਧੀਨ ਆਉਂਦੀ ਹੈ। ਇਹ  ਸੀਆਚਿੰਨ ਦੇ ਵੀ ਨੇੜੇ ਹੈ। ਪਾਕਿਸਤਾਨ ਨੇ 1963 ਵਿਚ ਇਕ ਸਰਹੱਦੀ ਸਮਝੌਤੇ ਅਧੀਨ ਇਸ ਨੂੰ ਚੀਨ ਨੂੰ ਸੌਂਪਿਆ ਸੀ ਪਰ ਭਾਰਤ ਇਸ ਨੂੰ ਮਾਨਤਾ ਨਹੀਂ ਦਿੰਦਾ। ਇਸ ਵਾਦੀ ਨੂੰ ਭਾਰਤ ਜੰਮੂ-ਕਸ਼ਮੀਰ ਦਾ ਇਕ ਹਿੱਸਾ ਹੀ ਮੰਨਦਾ ਹੈ।


Related News