ਇਟਲੀ 'ਚ ਫਲੂ ਦੇ ਕਹਿਰ ਦਾ ਧਮਾਕਾ, ਇਕ ਹਫ਼ਤੇ ਦੌਰਾਨ ਫਲੂ ਦੀ ਜਕੜ 'ਚ ਆਏ 1 ਮਿਲੀਅਨ ਦੇ ਕਰੀਬ ਲੋਕ
Sunday, Dec 11, 2022 - 06:16 PM (IST)
ਰੋਮ (ਦਲਵੀਰ ਕੈਂਥ)- ਇਟਲੀ ਵਿੱਚ ਸਰਦ ਰੁੱਤ ਆਉਂਦਿਆਂ ਹੀ ਲੋਕਾਂ ਨੂੰ ਹਲਕਾ ਬੁਖ਼ਾਰ ਜਾਂ ਖੰਘ ਦਾ ਹੋਣਾ ਸੁਭਾਵਿਕ ਹੈ ਪਰ ਇਸ ਵਾਰ ਜਦੋਂ ਸਰਦ ਰੁੱਤ ਦਾ ਆਗਾਜ਼ ਹੋ ਚੁੱਕਿਆ ਹੈ ਤਾਂ ਲੋਕਾਂ ਦੀ ਫ਼ਲੂ ਨਾਮ ਦੀ ਬੀਮਾਰੀ ਨੇ ਮੱਤ ਮਾਰ ਲਈ ਹੈ। ਇਸ ਗੱਲ ਦਾ ਖ਼ੁਲਾਸਾ ਇਟਲੀ ਦੀ ਉੱਚ ਸਿਹਤ ਸੰਸਥਾ(ਆਈ.ਐੱਸ.ਐੱਸ) ਨੇ ਕਰਦਿਆਂ ਕਿਹਾ ਇਹ ਸਾਲ 2009 ਤੋਂ ਬਆਦ ਪਹਿਲੀ ਵਾਰ ਹੋਇਆ ਹੈ ਕਿ ਇਸ ਹਫ਼ਤੇ ਵਿੱਚ ਇਟਲੀ ਭਰ ਵਿੱਚ ਇਕ ਮਿਲੀਅਨ ਦੇ ਕਰੀਬ 943,000 ਫਲੂ ਦੇ ਮਰੀਜ਼ ਦਰਜ ਕੀਤੇ ਗਏ ਹੋਣ ਜਿਹੜਾ ਕਿ ਇਟਲੀ ਦੇ ਬਾਸਿੰਦਿਆਂ ਦੀ ਸਿਹਤਯਾਬੀ ਵਿੱਚ ਵੱਡੀ ਰੁਕਾਵਟ ਵਾਲਾ ਵੱਡਾ ਧਮਾਕਾ ਹੈ।
ਫਲੂ ਜਿਸ ਵਿੱਚ ਮਰੀਜ਼ ਨੂੰ ਬਹੁਤ ਤੇਜ ਬੁਖ਼ਾਰ, ਵਗਦਾ ਨੱਕ, ਗਲੇ ਦਾ ਦਰਦ, ਮਾਸਪੇਸ਼ੀਆਂ ਦਾ ਦਰਦ, ਸਿਰ ਦਰਦ, ਖੰਘ ਅਤੇ ਥਕਾਵਟ ਮਹਿਸੂਸ ਹੁੰਦੀ ਹੈ। ਇਹ ਇਨਫਲੂਐਨਜ਼ਾ ਵਾਇਰਸ ਤੋਂ ਫੈ਼ਲਣ ਵਾਲਾ ਲਾਗ ਦਾ ਰੋਗ ਹੈ, ਜਿਸ ਨੇ ਇਸ ਸਾਲ ਸਰਦ ਰੁੱਤ ਸ਼ੁਰੂ ਹੁੰਦਿਆਂ ਹੀ ਹੁਣ ਤੱਕ ਇਟਲੀ ਭਰ ਵਿੱਚ 3,5 ਮਿਲੀਅਨ ਲੋਕ ਪ੍ਰਭਾਵਿਤ ਕੀਤੇ ਹਨ। ਇਟਲੀ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਕੋਵਿਡ-19 ਦੇ ਮਰੀਜ਼ ਜ਼ਿਆਦਾ ਆਉਣ ਤੋਂ ਬਾਅਦ ਫਲੂ ਦੇ ਮਰੀਜ਼ਾਂ ਵਿੱਚ 5 ਗੁਣਾ ਜ਼ਿਆਦਾ ਵਾਧਾ ਹੋਇਆ ਹੈ। ਫਲੂ ਇਟਲੀ ਭਰ ਦੇ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਖ਼ਾਸਕਰ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਹੈ। ਇਸ ਸਮੇਂ ਫਲੂ ਇਟਲੀ ਦੇ ਜਿਹੜੇ ਸੂਬਿਆਂ ਨੂੰ ਆਪਣੀ ਜਕੜ ਵਿੱਚ ਕਰਦਾ ਵਿਖਾਈ ਦੇ ਰਿਹਾ ਹੈ, ਉਨ੍ਹਾਂ ਵਿੱਚ ਲੰਬਾਰਦੀਆ, ਇਮਿਲਿਆ ਰੋਮਾਨਾ, ਅਬਰੂਸੋ ਆਦਿ ਦੇ ਨਾਮ ਜ਼ਿਕਰਯੋਗ ਹਨ।
ਇਹ ਵੀ ਪੜ੍ਹੋ : ਕੈਨੇਡਾ ਤੋਂ ਫੋਨ ਕਰਕੇ ਰਿਸ਼ਤੇਦਾਰ ਦੱਸ ਮਾਰੀ ਲੱਖਾਂ ਦੀ ਠੱਗੀ, ਜਦ ਵੈਸਟਰਨ ਯੂਨੀਅਨ ਜਾ ਕੇ ਵੇਖਿਆ ਤਾਂ ਉੱਡੇ ਹੋਸ਼
ਇਟਾਲੀਅਨ ਸੁਸਾਇਟੀ ਆਫ਼ ਪੈਡੀਐਟਰਿਕਸ ਦੇ ਪ੍ਰਧਾਨ ਨੇ ਇਟਲੀ ਦੇ ਤਮਾਮ ਛੋਟੇ ਬੱਚਿਆਂ ਦੇ ਮਾਪਿਆਂ ਨੂੰ ਤਾਗੀਦ ਕੀਤੀ ਹੈ ਕਿ ਉਹ ਆਪਣੇ ਬੱਚੇ ਦਾ ਲੋੜੀਂਦਾ ਟੀਕਾਕਰਣ ਸਮੇਂ ਸਿਰ ਕਰਵਾਉਣ ਤਾਂ ਜੋ ਉਨ੍ਹਾਂ ਦੇ ਸਰੀਰ ਦੀ ਅੰਦਰੂਨੀ ਸ਼ਕਤੀ ਰੋਗਾਂ ਦਾ ਮੁਕਾਬਲਾ ਕਰ ਸਕੇ ਵਿਸ਼ੇਸ਼ ਕਰਕੇ ਉਹ ਬੱਚੇ ਜਿਹੜੇ 6 ਮਹੀਨਿਆਂ ਤੋਂ 6 ਸਾਲ ਦੇ ਅੰਦਰ ਹਨ। ਜਿਨ੍ਹਾਂ ਬੱਚਿਆਂ ਦਾ ਟੀਕਾਕਰਣ ਹੋ ਚੁੱਕਾ ਹੈ ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀਆਂ ਫਲੂ ਨਾਲ ਸੰਬੰਧਤ ਅਲਾਮਤਾਂ ਦਿਸਦੀਆਂ ਹਨ ਤਾਂ ਤਰੁੰਤ ਜਾਂਚ ਕਰਵਾਉਣ। ਜ਼ਿਕਰਯੋਗ ਹੈ ਕਿ ਇਟਲੀ ਵਿੱਚ ਕੋਵਿਡ-19 ਦੀ ਤਬਾਹੀ ਤੋਂ ਬਾਅਦ ਹੁਣ ਫਲੂ ਦੀ ਦਹਿਸ਼ਤ ਨੇ ਲੋਕਾਂ ਨੂੰ ਹਾਲੋ-ਬੇਹਾਲ ਕੀਤਾ ਹੋਇਆ ਹੈ। ਯੂਰਪ ਭਰ ਵਿੱਚ ਫਲੂ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਦਰਜ ਜਾ ਰਿਹਾ ਹੈ।
ਇਹ ਵੀ ਪੜ੍ਹੋ : ਲਤੀਫਪੁਰਾ ’ਚ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਦੂਜੇ ਦਿਨ ਵੀ ਰਹੀ ਜਾਰੀ, ਲੋਕ ਖੁੱਲ੍ਹੇ ਆਸਮਾਨ ਹੇਠ ਰਹਿਣ ਨੂੰ ਮਜਬੂਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ