ਇਕ ਕੀੜੀ ਤੇ ਕੀਮਤ 18000 ਰੁਪਏ, ਤੁਸੀਂ ਵੀ ਤਾਂ ਨਹੀਂ ਮਸਲ ਦਿੰਦੇ ਇਹ ਕੀੜੀਆਂ
Tuesday, Apr 15, 2025 - 05:24 PM (IST)

ਇੰਟਰਨੈਸ਼ਨਲ ਡੈਸਕ : ਘਰਾਂ ਅੰਦਰ ਕੰਧਾਂ, ਫਰਸ਼ ਤੇ ਮਿੱਟੀ ਵਿੱਚ ਕੀੜੀਆਂ ਦਾ ਮਿਲਣਾ ਆਮ ਗੱਲ ਹੈ। ਅਕਸਰ ਘਰਾਂ ਵਿੱਚ ਕੀੜੀਆਂ ਆਉਣ ਉੱਤੇ ਬਹੁੱਤੇ ਲੋਕ ਉਨ੍ਹਾਂ ਨੂੰ ਜਾਂ ਤਾਂ ਮਸਲ ਕੇ ਮਾਰ ਦਿੰਦੇ ਹਨ, ਜਾਂ ਫਿਰ ਕੀੜੀਆਂ ਘਰ ਅੰਦਰ ਨਾ ਆਉਣ ਉਸ ਲਈ ਕਈ ਉਪਾਅ ਅਪਣਾਉਂਦੇ ਹਨ। ਕੀ ਤੁਸੀਂ ਕਦੇ ਸੋਚਿਆ ਹੈ ਕਿ ਕਈ ਥਾਈਂ ਕੀੜੀਆਂ ਅਤੇ ਅਜਿਹੀਆਂ ਪਰਜਾਤੀਆਂ ਨੂੰ ਬਚਾਉਣ ਲਈ ਕਾਨੂੰਨ ਵੀ ਹਨ ਤੇ ਇਕ ਕੀੜੀ ਦੀ ਕੀਮਤ 18 ਹਜ਼ਾਰ ਰੁਪਏ ਤਕ ਵੀ ਹੋ ਸਕਦੀ ਹੈ। ਨਹੀਂ ਨਾ.. ਤਾਂ ਆਓ ਤਹਾਨੂੰ ਦੱਸਦੇ ਹਾਂ ਇਸ ਕੀਮਤੀ ਕੀੜੀ ਬਾਰੇ ਤੇ ਕਿਥੇ ਇਨ੍ਹਾਂ ਕੀੜੀਆਂ ਨੂੰ ਇਨ੍ਹੇ ਮਹਿੰਗੇ ਰੇਟਾਂ ਉੱਤੇ ਬਾਜ਼ਾਰ ਵਿੱਚ ਸੇਲ ਕੀਤਾ ਜਾ ਰਿਹਾ ਹੈ।
ਅਜਿਹਾ ਹੀ ਇੱਕ ਮਾਮਲਾ ਅਫਰੀਕੀ ਦੇਸ਼ ਕੀਨੀਆ ਤੋਂ ਸਾਹਮਣੇ ਆਇਆ ਹੈ, ਜਿੱਥੇ ਚਾਰ ਲੋਕਾਂ ਨੇ ਸੈਂਕੜੇ ਬਹੁਤ ਜ਼ਿਆਦਾ ਮੰਗ ਵਾਲੀਆਂ ਕੀੜੀਆਂ ਦੀ ਦੇਸ਼ ਤੋਂ ਬਾਹਰ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕੀਨੀਆ ਵਾਈਲਡਲਾਈਫ ਸਰਵਿਸ (KWS) ਨੇ ਇਸਨੂੰ ਇੱਕ ਇਤਿਹਾਸਕ ਮਾਮਲਾ ਦੱਸਿਆ ਹੈ। KWD ਜ਼ਿਆਦਾਤਰ ਸ਼ੇਰਾਂ ਅਤੇ ਹਾਥੀਆਂ ਵਰਗੇ ਵੱਡੇ ਜਾਨਵਰਾਂ ਦੀ ਰੱਖਿਆ ਲਈ ਕੰਮ ਕਰਦਾ ਹੈ, ਪਰ ਇਸਨੇ ਬਹੁਤ ਜ਼ਿਆਦਾ ਮੰਗੀਆਂ ਜਾਣ ਵਾਲੀਆਂ ਕੀੜੀਆਂ ਨੂੰ ਬਚਾਉਣ ਲਈ ਵੀ ਪਹਿਲ ਕੀਤੀ ਹੈ।
ਤਸਕਰੀ ਕੀਤੇ ਗਏ ਸਮਾਨ ਵਿੱਚ ਵਿਸ਼ਾਲ ਅਫ਼ਰੀਕੀ ਹਾਰਵੈਸਟਰ ਕੀੜੀਆਂ ਵੀ ਸ਼ਾਮਲ ਸਨ, ਜਿਨ੍ਹਾਂ ਦੀ ਕੀਮਤ ਬ੍ਰਿਟਿਸ਼ ਡੀਲਰਾਂ ਮੁਤਾਬਕ 170 ਪੌਂਡ (18,000 ਰੁਪਏ) ਪ੍ਰਤੀ ਕੀੜੀ ਤੱਕ ਹੈ। KWS ਨੇ ਕਿਹਾ ਕਿ ਇਹ ਮਾਮਲਾ ਤਸਕਰੀ ਦੇ ਤਰੀਕਿਆਂ ਵਿੱਚ ਚਿੰਤਾਜਨਕ ਤਬਦੀਲੀ ਨੂੰ ਦਰਸਾਉਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤਸਕਰਾਂ ਨੇ ਇਨ੍ਹਾਂ ਜੀਵਾਂ ਨੂੰ ਇੱਕ ਖਾਸ ਤਰੀਕੇ ਨਾਲ ਪੈਕ ਕੀਤਾ ਸੀ, ਜਿਸ ਕਾਰਨ ਇਹ ਲਗਭਗ 2 ਮਹੀਨੇ ਤੱਕ ਜ਼ਿੰਦਾ ਰਹਿ ਸਕੇ। ਤਸਕਰੀ ਕੀਤੇ ਜਾ ਰਹੀਆਂ ਕੀੜੀਆਂ ਦੀ ਸਹੀ ਗਿਣਤੀ ਦਾ ਅਜੇ ਵੀ ਮੁਲਾਂਕਣ ਕੀਤਾ ਜਾ ਰਿਹਾ ਹੈ।