7 ਫੁੱਟ ਦੇ ਪੰਜਾਬੀ ਗੱਭਰੂ ਨੇ ਦੇਸ਼ ਦਾ ਵਧਾਇਆ ਮਾਣ, ਆਸਟ੍ਰੇਲੀਆਈ ਬਾਸਕਟਬਾਲ ਟੀਮ ''ਚ ਚਮਕਾਏਗਾ ਪੰਜਾਬ ਦਾ ਨਾਂ

09/03/2017 4:01:35 PM

ਸਿਡਨੀ— ਪਿੰਡਾਂ ਵਿਚ ਰਹਿੰਦੇ ਮਿੱਟੀ ਨਾਲ ਮਿੱਟੀ ਹੁੰਦਿਆਂ ਕਈ ਨੌਜਵਾਨ ਅਜਿਹੇ ਵੀ ਹਨ, ਜੋ ਕਿ ਖੇਡਾਂ ਵਿਚ ਦਿਲਚਸਪੀ ਲੈਂਦੇ ਹਨ। ਉਨ੍ਹਾਂ ਦੀ ਸਖਤ ਮਿਹਨਤ ਹੀ ਇਕ ਦਿਨ ਮੰਜ਼ਲ ਤੱਕ ਜ਼ਰੂਰ ਲੈ ਜਾਂਦੀ ਹੈ। ਕੁਝ ਅਜਿਹਾ ਹੀ ਹੋਣਹਾਰ ਪੰਜਾਬੀ ਗੱਭਰੂ ਹੈ, ਅੰਮ੍ਰਿਤਪਾਲ ਸਿੰਘ, ਜੋ ਕਿ ਅੰਮ੍ਰਿਤਸਰ ਦੇ ਪਿੰਡ 'ਚ ਕਬੱਡੀ ਖੇਡ ਕੇ ਜਵਾਨ ਹੋਇਆ। 6 ਫੁੱਟ 11 ਇੰਚ ਲੰਬਾ, ਗੱਭਰੂ ਜਵਾਨ ਅੰਮ੍ਰਿਤਪਾਲ ਦੀ ਕਿਸਮਤ ਉਸ ਸਮੇਂ ਬਦਲ ਗਈ, ਜਦੋਂ ਬਾਸਕਟਬਾਲ ਲੀਗ ਲਈ ਸਿਡਨੀ ਕਿੰਗਜ਼ ਨੇ ਉਸ ਨੂੰ ਆਪਣੀ ਟੀਮ 'ਚ ਸ਼ਾਮਲ ਕਰ ਲਿਆ। ਅੰਮ੍ਰਿਤਪਾਲ ਸਿੰਘ ਖੁਸ਼ ਹੈ ਕਿ ਉਸ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਆਸਟ੍ਰੇਲੀਆ ਦੀ ਸਿਡਨੀ ਕਿੰਗਜ਼ ਵਲੋਂ ਉਸ ਨੂੰ ਉਚੇਚੇ ਤੌਰ 'ਤੇ ਸੱਦਿਆ ਗਿਆ ਹੈ। ਅੰਮ੍ਰਿਤਪਾਲ ਸਿੰਘ ਨੂੰ ਆਸਟ੍ਰੇਲੀਆ ਦੀ ਨੈਸ਼ਨਲ ਬਾਸਕਟਬਾਲ ਲੀਗ 'ਚ ਸ਼ਾਮਲ ਕੀਤਾ ਗਿਆ ਹੈ।
ਖੇਡਾਂ ਪ੍ਰਤੀ ਦਿਲਚਸਪੀ ਇੰਝ ਵਧੀ— 
ਆਪਣੀ ਇਸ ਵੱਡੀ ਖੁਸ਼ੀ ਦੇ ਮੌਕੇ ਅੰਮ੍ਰਿਤਪਾਲ ਨੇ ਕਿਹਾ ਕਿ ਮੈਂ 2009 ਤੋਂ ਪਹਿਲਾਂ ਸਿਰਫ ਕਬੱਡੀ ਹੀ ਖੇਡੀ ਪਰ ਜਦੋਂ ਮੇਰੇ ਮਾਮਾ ਜੀ ਨੇ ਮੇਰਾ ਬਾਸਕਟਬਾਲ 'ਚ ਦਾਖਲਾ ਕਰਵਾਇਆ ਤਾਂ ਇਹ ਖੇਡ ਵੀ ਮੈਨੂੰ ਬਹੁਤ ਹੀ ਪਸੰਦ ਆਈ ਅਤੇ ਇਸ ਨੂੰ ਮੈਂ ਪੂਰੇ ਦਿਲ ਨਾਲ ਖੇਡਣਾ ਸ਼ੁਰੂ ਕਰ ਦਿੱਤਾ। 2009 ਤੋਂ ਲੈ ਕੇ ਹੁਣ ਤੱਕ ਮੈਂ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਸਾਲ 2017 ਤੱਕ ਲਗਾਤਾਰ ਭਾਰਤੀ ਟੀਮ ਦੀ ਅਗਵਾਈ ਕਰਦਾ ਆ ਰਿਹਾ ਹਾਂ। ਉਸ ਨੇ ਦੱਸਿਆ ਕਿ ਮੈਂ ਪਹਿਲਾ ਪੰਜਾਬੀ ਖਿਡਾਰੀ ਹਾਂ, ਜਿਸ ਨੂੰ ਸਿਡਨੀ ਕਿੰਗਜ਼ ਨੇ ਭਾਰਤ ਤੋਂ ਇਥੇ ਬੁਲਾ ਕੇ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ। ਇਸ ਲਈ ਮੈਂ ਇਨ੍ਹਾਂ ਦਾ ਧੰਨਵਾਦੀ ਹਾਂ ਅਤੇ ਆਸਟ੍ਰੇਲੀਆ ਵਿਚ ਵੱਸਦੇ ਸਾਰੇ ਭਾਰਤੀ, ਪੰਜਾਬੀ ਭਾਈਚਾਰੇ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਟੀਮ ਨੂੰ ਭਰਵਾਂ ਸਹਿਯੋਗ ਦੇਣ। 
ਸਿਡਨੀ ਕਿੰਗਜ਼ ਦੇ ਚੀਫ ਕੋਚ ਨੇ ਕੀਤਾ ਧੰਨਵਾਦ—
ਓਧਰ ਸਿਡਨੀ ਕਿੰਗਜ਼ ਦੇ ਚੀਫ ਕੋਚ ਐਂਡਰੀਊ ਗੇਅਜ਼ ਨੇ ਕਿਹਾ ਸਿਡਨੀ ਕਿੰਗਜ਼ ਨੂੰ ਬਹੁਤ ਖੁਸ਼ੀ ਹੈ ਕਿ ਅੰਮ੍ਰਿਤਪਾਲ ਵਰਗਾ ਹੋਣਹਾਰ, ਲਚਕਦਾਰ ਖਿਡਾਰੀ ਉਨ੍ਹਾਂ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਯਕੀਨ ਹੈ ਕਿ ਅੰਮ੍ਰਿਤਪਾਲ ਸਾਡੀ ਟੀਮ ਵਿਚ ਭਰਪੂਰ ਯੋਗਦਾਨ ਪਾਵੇਗਾ ਅਤੇ ਟੀਮ ਮੁਕਾਬਲੇ 'ਚ ਵਧੀਆ ਪ੍ਰਦਰਸ਼ਨ ਕਰੇਗੀ। ਅੰਮ੍ਰਿਤਪਾਲ ਸਿੰਘ ਨੇ ਸਿਡਨੀ ਕਿੰਗਜ਼ ਦੀ ਟੀਮ ਦੇ ਪਹਿਲੇ 11 ਖਿਡਾਰੀਆਂ ਵਿਚ ਆਪਣਾ ਸਥਾਨ ਦਰਜ ਕੀਤਾ ਹੈ। ਇਹ ਸਿਰਫ ਉਸ ਦੀ ਯੋਗਤਾ ਅਤੇ ਸਖਤ ਮਿਹਨਤ ਸਦਕਾ ਹੀ ਸੰਭਵ ਹੋ ਸਕਿਆ ਹੈ। 
ਆਓ ਜਾਣਦੇ ਹਾਂ ਕੌਣ ਹੈ ਅੰਮ੍ਰਿਤਪਾਲ ਸਿੰਘ—
ਛੈਲ ਛਬੀਲਾ, ਉੱਚਾ-ਲੰਬਾ ਗੱਭਰੂ ਅੰਮ੍ਰਿਤਪਾਲ ਸਿੰਘ ਦਾ ਜਨਮ 5 ਜਨਵਰੀ 1991 ਨੂੰ ਪੰਜਾਬ ਦੇ ਜਲੰਧਰ ਜ਼ਿਲੇ ਵਿਚ ਹੋਇਆ। ਜਨਮ ਤੋਂ ਬਾਅਦ ਉਸ ਦਾ ਜ਼ਿਆਦਾ ਸਮਾਂ ਅੰਮ੍ਰਿਤਸਰ ਜ਼ਿਲੇ ਦੇ ਛੋਟੇ ਜਿਹੇ ਪਿੰਡ ਫੱਤੂਵਾਲ 'ਚ ਪਿਤਾ ਨਾਲ ਖੇਤਾਂ ਵਿਚ ਮਿਹਨਤ ਕਰਦਿਆਂ ਬਤੀਤ ਹੋਇਆ। ਇਕ ਪੰਜਾਬੀ ਗੱਭਰੂ ਹੋਣ ਦੇ ਨਾਲ ਹੀ ਉਸ ਨੇ ਕਬੱਡੀ ਨੂੰ ਤਵੱਜੋਂ ਦਿੱਤੀ ਅਤੇ ਜਿਸ ਤੋਂ ਬਾਅਦ ਉਸ ਦੀ ਦਿਲਚਸਪੀ ਬਾਸਕਟਬਾਲ ਵਿਚ ਵਧੀ। ਇਸ ਖੇਡ ਜ਼ਰੀਏ ਹੀ ਉਹ ਇੰਨਾਂ ਅੱਗੇ ਵਧ ਗਿਆ ਕਿ ਹੁਣ ਆਸਟ੍ਰੇਲੀਆ ਵਰਗੇ ਮੁਲਕ ਨੇ ਉਸ ਦੀ ਖੇਡ ਪ੍ਰਤੀ ਮੁਹਾਰਤ ਨੂੰ ਪਛਾਣਦੇ ਹੋਏ ਆਪਣੀ ਸਿਡਨੀ ਕਿੰਗਜ਼ ਦਾ ਸ਼ਿੰਗਾਰ ਬਣਾਇਆ ਹੈ। ਅੰਮ੍ਰਿਤਪਾਲ ਸਿੰਘ ਨੂੰ ਇਸ ਤੋਂ ਪਹਿਲਾਂ ਵੀ ਆਪਣੇ ਕਲੱਬ ਲਈ ਖੇਡਦੇ ਹੋਏ ਕਈ ਦੇਸ਼ਾਂ ਵਿਚ ਖੇਡਣ ਦਾ ਮੌਕਾ ਮਿਲਿਆ। 


Related News