ਅਮਰੀਕੀ ਸਿੰਗਰ ਕ੍ਰਿਸ ਬ੍ਰਾਊਨ ''ਤੇ ਰੇਪ ਦਾ ਦੋਸ਼, ਪੁਲਸ ਨੇ ਲਿਆ ਹਿਰਾਸਤ ''ਚ

01/22/2019 10:25:43 PM

ਵਾਸ਼ਿੰਗਟਨ/ਪੈਰਿਸ — ਅਮਰੀਕੀ ਗਾਇਕ ਕ੍ਰਿਸ ਬ੍ਰਾਊਨ ਸਮੇਤ 2 ਲੋਕਾਂ ਨੂੰ ਪੁਲਸ ਨੇ ਹਿਰਾਸਤ 'ਚ ਲਿਆ ਹੈ। 2 ਪੁਲਸ ਅਧਿਕਾਰੀਆਂ ਨੇ ਆਖਿਆ ਕਿ ਮਹਿਲਾ ਨਾਲ ਰੇਪ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਕ੍ਰਿਸ ਬ੍ਰਾਊਨ ਖਿਲਾਫ ਉੱਤਰ-ਪੱਛਮੀ ਪੈਰਿਸ ਦੇ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕੀਤੀ ਗਈ ਸੀ। ਅਧਿਕਾਰੀ ਨੇ ਆਖਿਆ ਕਿ ਹਿਰਾਸਤ 'ਚ ਲਏ ਗਏ ਹੋਰਨਾਂ ਲੋਕਾਂ 'ਚੋਂ ਇਕ ਬ੍ਰਾਊਨ ਦਾ ਬਾਡੀਗਾਰਡ ਵੀ ਹੈ।
ਦੋਹਾਂ ਪੁਲਸ ਅਧਿਕਾਰੀਆਂ ਨੇ ਆਖਿਆ ਕਿ ਪੁਲਸ ਨੇ ਐਤਵਾਰ ਨੂੰ ਕ੍ਰਿਸ ਬ੍ਰਾਊਨ ਨੂੰ ਹਿਰਾਸਤ 'ਚ ਲਿਆ ਸੀ ਪਰ ਉਨ੍ਹਾਂ ਕਸਟੱਡੀ ਸੋਮਵਾਰ ਤੱਕ ਹੋਰ ਵਧਾ ਦਿੱਤੀ ਗਈ ਹੈ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ। ਦੱਸ ਦਈਏ ਕਿ ਬ੍ਰਾਊਨ ਪਿਛਲੇ 3 ਸਾਲਾਂ ਤੋਂ ਕਾਨੂੰਨੀ ਮਾਮਲਿਆਂ ਨਾਲ ਨਜਿੱਠ ਰਹੇ ਹਨ। ਖਾਸ ਕਰਕੇ 2009 'ਚ ਆਪਣੀ ਪ੍ਰੇਮਿਕਾ ਰਿਹਾਨਾ ਦੇ ਮਾਮਲੇ 'ਚ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ।
ਫ੍ਰਾਂਸੀਸੀ ਪ੍ਰਕਾਸ਼ਨ ਕਲੋਜ਼ਰ ਦੀ ਰਿਪੋਰਟ ਮੁਤਾਬਕ ਮਹਿਲਾ ਨੇ ਰਿਪੋਰਟ 'ਚ ਕਿਹਾ ਸੀ ਕਿ ਉਹ ਅਤੇ 'ਟਰਨ ਅਪ ਦਿ ਮਿਊਜ਼ਿਕ' ਹਿਟਮੇਕਰ ਦੀ ਮੁਲਾਕਾਤ ਲੇਸ ਚੈਂਪਸ ਐਲੀਸੀਸ ਨੇੜੇ ਸਥਿਤ ਇਕ ਕਲੱਬ 'ਚ ਹੋਈ ਸੀ। ਕਥਿਤ ਪੀੜਤਾ ਨੇ ਕਿਹਾ ਸੀ ਕਿ ਉਹ ਬ੍ਰਾਊਨ ਨਾਲ ਉਸ ਹੋਟਲ 'ਚ ਗਈ ਜਿੱਥੇ ਉਹ ਰੁਕਿਆ ਸੀ ਇਸ ਤੋਂ ਬਾਅਦ ਬ੍ਰਾਊਨ ਨੇ ਕਥਿਤ ਤੌਰ 'ਤੇ ਉਸ ਦਾ ਬਲਾਤਕਾਰ ਕੀਤਾ ਸੀ ਹਾਲਾਂਕਿ ਅਜੇ ਪੁਲਸ ਇਸ ਮਾਮਲੇ ਦੀ ਜਾਂਚ 'ਚ ਲੱਗੀ ਹੈ ਅਤੇ ਇਸ ਲਈ ਬ੍ਰਾਊਨ ਨੂੰ ਗ੍ਰਿਫਤਾਰ ਨਹੀਂ ਬਲਕਿ ਹਿਰਾਸਤ 'ਚ ਲਿਆ ਗਿਆ ਹੈ।


Related News