ਬੱਚਿਆਂ ਦੇ ਮਾਨਸਿਕ ਵਿਕਾਸ 'ਤੇ ਪੈ ਰਿਹੈ ਅਸਰ, ਅਮਰੀਕੀ ਸਕੂਲ ਨੇ ਸੋਸ਼ਲ ਮੀਡੀਆ ਕੰਪਨੀਆਂ 'ਤੇ ਕੀਤਾ ਕੇਸ
Tuesday, Jan 10, 2023 - 01:15 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਸਿਆਟਲ ਪਬਲਿਕ ਸਕੂਲ ਨੇ ਟਿਕਟਾਕ, ਇੰਸਟਾਗ੍ਰਾਮ, ਫੇਸਬੁੱਕ, ਯੂਟਿਊਬ ਅਤੇ ਸਨੈਪਚੈਟ ਵਰਗੀਆਂ ਸੋਸ਼ਲ ਮੀਡੀਆ ਕੰਪਨੀਆਂ ਖ਼ਿਲਾਫ਼ ਮਾਮਲਾ ਦਰਜ ਕਰਾਇਆ ਹੈ। ਸਕੂਲ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਕਾਰਨ ਬੱਚਿਆਂ ਅਤੇ ਬਾਲਗਾਂ ਦਾ ਮਾਨਸਿਕ ਵਿਕਾਸ ਨਹੀਂ ਹੋ ਪਾ ਰਿਹਾ। ਇਨ੍ਹਾਂ ਕੰਪਨੀਆਂ ਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਪਵੇਗੀ।ਸਕੂਲ ਨੇ ਜ਼ਿਲ੍ਹਾ ਅਦਾਲਤ ਵਿੱਚ 91 ਸਫਿਆਂ ਦੀ ਪਟੀਸ਼ਨ ਦਾਇਰ ਕੀਤੀ ਹੈ। ਇਸ 'ਚ ਕੰਪਨੀਆਂ 'ਤੇ ਦੋਸ਼ ਲਗਾਇਆ ਗਿਆ ਹੈ ਕਿ ਉਹਨਾਂ ਨੇ ਆਪਣਾ ਵਾਚ ਟਾਈਮ ਵਧਾਉਣ ਲਈ ਬੱਚਿਆਂ ਨੂੰ ਸ਼ਿਕਾਰ ਬਣਾਇਆ ਹੈ। ਇਸ ਕਾਰਨ ਬੱਚੇ ਬੇਚੈਨੀ, ਡਿਪਰੈਸ਼ਨ, ਈਟਿੰਗ ਡਿਸਆਰਡਰ ਦੇ ਸ਼ਿਕਾਰ ਹੋ ਰਹੇ ਹਨ। ਇਸ ਦੇ ਨਾਲ ਹੀ ਉਹ ਸਾਈਬਰ ਬੁਲਿੰਗ ਦਾ ਵੀ ਸ਼ਿਕਾਰ ਹੋ ਰਹੇ ਹਨ। ਅਜਿਹੇ ਵਿੱਚ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਔਖਾ ਹੋ ਗਿਆ ਹੈ।
ਸਕੂਲ ਵਿਚ ਨਿਯੁਕਤ ਕੀਤੇ ਮਨੋਵਿਗਿਆਨੀ
ਸਕੂਲ ਨੇ ਕਿਹਾ ਕਿ ਹਾਲਾਤ ਅਜਿਹੇ ਹਨ ਕਿ ਸਕੂਲ ਵਿੱਚ ਮਨੋਵਿਗਿਆਨੀ ਨਿਯੁਕਤ ਕਰਨੇ ਪਏ ਹਨ। ਨਾਲ ਹੀ ਪਾਠਕ੍ਰਮ ਬਦਲਣੇ ਪਏ ਹਨ। ਸਕੂਲ ਨੇ ਸੋਸ਼ਲ ਮੀਡੀਆ ਦੇ ਨੁਕਸਾਨਾਂ ਨੂੰ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਹੈ। ਸਕੂਲ ਨੇ ਸੋਸ਼ਲ ਮੀਡੀਆ ਦੇ ਪ੍ਰਭਾਵ ਨੂੰ ਸਮਝਾਉਣ ਲਈ ਅਧਿਆਪਕਾਂ ਨੂੰ ਵਾਧੂ ਸਿਖਲਾਈ ਦਿੱਤੀ ਹੈ। ਸਕੂਲ ਨੇ ਪਟੀਸ਼ਨ ਵਿੱਚ ਮੰਗ ਕੀਤੀ ਕਿ ਇਹ ਕੰਪਨੀਆਂ ਸਮਾਜ ਵਿੱਚ ਤਬਾਹੀ ਮਚਾਉਣੀ ਬੰਦ ਕਰਨ। ਹੁਣ ਤੱਕ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ। ਜੋ ਇਹਨਾਂ ਕਾਰਨ ਗੰਭੀਰ ਬੀਮਾਰ ਹੋਏ ਹਨ, ਉਨ੍ਹਾਂ ਦੇ ਇਲਾਜ ਲਈ ਭੁਗਤਾਨ ਕਰਨ।
ਪੜ੍ਹੋ ਇਹ ਅਹਿਮ ਖ਼ਬਰ-ਚੀਨ ਦੀ ਜਵਾਬੀ ਕਾਰਵਾਈ, ਦੱਖਣੀ ਕੋਰੀਆ ਦੇ ਲੋਕਾਂ ਲਈ 'ਵੀਜ਼ਾ' ਕੀਤਾ ਮੁਅੱਤਲ
ਅਧਿਐਨ 'ਚ ਚਿੰਤਾਜਨਕ ਖੁਲਾਸਾ
ਨਵੇਂ ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਜੋ ਬੱਚੇ 12 ਸਾਲ ਦੀ ਉਮਰ ਤੱਕ ਸੋਸ਼ਲ ਮੀਡੀਆ ਦੇ ਆਦੀ ਹੋ ਜਾਂਦੇ ਹਨ, ਉਹ ਇਸ 'ਤੇ ਮਿਲਣ ਵਾਲੇ ਲਾਈਕਸ ਅਤੇ ਟਿੱਪਣੀਆਂ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੋ ਜਾਂਦੇ ਹਨ। ਉਹ ਨਕਾਰਾਤਮਕ ਟਿੱਪਣੀਆਂ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ। ਇਹ ਰੁਝਾਨ ਸਮੇਂ ਦੇ ਨਾਲ ਵਧਦਾ ਜਾਂਦਾ ਹੈ। ਜਦੋਂ ਕਿ ਜਿਹੜੇ ਲੋਕ ਸੋਸ਼ਲ ਮੀਡੀਆ ਦੇ ਆਦੀ ਨਹੀਂ ਹਨ, ਉਹ ਟਿੱਪਣੀਆਂ ਜਾਂ ਪਸੰਦਾਂ ਦੀ ਪਰਵਾਹ ਨਹੀਂ ਕਰਦੇ ਹਨ।
97% ਬਾਲਗ ਰੋਜ਼ਾਨਾ ਸੋਸ਼ਲ ਮੀਡੀਆ 'ਤੇ ਐਕਟਿਵ
ਯੂਐਸ ਦੇ 97% ਬਾਲਗ ਰੋਜ਼ਾਨਾ ਸੋਸ਼ਲ ਮੀਡੀਆ ਖਾਤਿਆਂ 'ਤੇ ਐਕਟਿਵ ਰਹਿੰਦੇ ਦੇ ਹਨ, ਜਦੋਂ ਕਿ 46% ਸੋਸ਼ਲ ਮੀਡੀਆ 'ਤੇ ਆਪਣਾ ਜ਼ਿਆਦਾਤਰ ਸਮਾਂ ਬਿਤਾਉਂਦੇ ਹਨ। ਉੱਤਰੀ ਕੈਰੋਲੀਨਾ ਯੂਨੀਵਰਸਿਟੀ ਵਿਚ ਮਨੋਵਿਗਿਆਨ ਅਤੇ ਨਿਊਰੋਸਾਇੰਸ ਦੇ ਐਸੋਸੀਏਟ ਪ੍ਰੋਫੈਸਰ ਈਵਾ ਐਚ ਟੇਲਜ਼ਰ ਦਾ ਕਹਿਣਾ ਹੈ ਕਿ ਜੋ ਨੌਜਵਾਨ ਸੋਸ਼ਲ ਮੀਡੀਆ ਦੇ ਆਦੀ ਹੋ ਜਾਂਦੇ ਹਨ, ਉਨ੍ਹਾਂ ਨੂੰ ਜਵਾਨੀ ਵਿਚ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।