ਟਰੰਪ ਦੀ ਫਿਸਲੀ ਜ਼ੁਬਾਨ, ਭਾਸ਼ਣ ਦੌਰਾਨ ਕੀਤੀ ਗਲਤੀ ਕਾਰਨ ਸੋਸ਼ਲ ਮੀਡੀਆ ''ਤੇ ਹੋਏ ਟ੍ਰੋਲ

07/06/2019 8:41:34 PM

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਸ਼ਣ ਦਿੰਦੇ ਹੋਏ ਜ਼ੁਬਾਨ ਫਿਸਲ ਗਈ, ਜਿਸ ਕਾਰਨ ਉਹ ਚਰਚਾ ਵਿਚ ਹਨ। ਇੰਨਾ ਹੀ ਨਹੀਂ ਆਪਣੀ ਇਸ ਗਲਤੀ ਨੂੰ ਮੰਨਣ ਦੀ ਬਜਾਏ ਉਨ੍ਹਆਂ ਨੇ ਟੈਲੀਪ੍ਰਾਮਪਟਰ ਨੂੰ ਜ਼ਿੰਮੇਵਾਰ ਦੱਸ ਦਿੱਤਾ। ਦਰਅਸਲ ਦੇਸ਼ ਦੇ ਸੁਤੰਤਰਤਾ ਦਿਵਸ ਮੌਕੇ ਵਾਸ਼ਿੰਗਟਨ ਸਥਿਤ ਲਿੰਕਨ ਮੈਮੋਰੀਅਲ ਤੋਂ ਆਪਣੇ ਸੰਬੋਧਨ ਵਿਚ ਡੋਨਾਲਡ ਟਰੰਪ ਨੇ ਅਮਰੀਕੀ ਸੁਤੰਤਰਤਾ ਸੰਗਰਾਮ ਦੌਰਾਨ ਇਕ ਏਅਰਪੋਰਟ 'ਤੇ ਕਬਜ਼ਾ ਕਰਨ ਦੀ ਗੱਲ ਆਖ ਦਿੱਤੀ ਸੀ।

ਸਾਲ 1775 ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ਸਾਡੀ ਫੌਜ ਨੇ ਹਵਾ ਵਿਚ ਹਮਲਾ ਕੀਤਾ। ਉਸ ਨੇ ਏਅਰਪੋਰਟ 'ਤੇ ਕਬਜ਼ਾ ਕੀਤਾ। ਉਸ ਨੇ ਉਹ ਸਭ ਕੀਤਾ ਜੋ ਕੀਤਾ ਜਾਣਾ ਜ਼ਰੂਰੀ ਸੀ। ਹਾਲਾਂਕਿ ਸਭ ਜਾਣਦੇ ਹਨ ਕਿ 18ਵੀਂ ਸਦੀ ਵਿਚ ਏਅਰਪੋਰਟ ਅਤੇ ਜਹਾਜ਼ ਵਰਗੀ ਕੋਈ ਚੀਜ਼ ਹੀ ਨਹੀਂ ਸੀ। ਭਾਸ਼ਣ ਵਿਚ ਇਸ ਗਲਤੀ ਲਈ ਟਰੰਪ ਦਾ ਟਵਿੱਟਰ 'ਤੇ ਜੰਮ ਕੇ ਮਜ਼ਾਕ ਬਣ ਰਿਹਾ ਹੈ। ਹੁਣ ਟਰੰਪ ਦਾ ਕਹਿਣਾ ਹੈ ਕਿ ਕਿਬਾਰਿਸ਼ ਕਾਰਨ ਟੈਲੀਪ੍ਰਾਮਪਟਰ ਦੇਖਣ ਵਿਚ ਦਿੱਕਤ ਆ ਰਹੀ ਸੀ। ਮੇਰੇ ਸੰਬੋਧਨ ਵਿਚਾਲੇ ਹੀ ਖਰਾਬ ਵੀ ਹੋ ਗਿਆ ਸੀ ਕਿਉਂਕਿ ਮੈਨੂੰ ਭਾਸ਼ਣ ਯਾਦ ਸੀ ਇਸ ਲਈ ਟੈਲੀਪ੍ਰਾਮਪਟਰ ਦੇ ਬਿਨਾਂ ਵੀ ਮੈਂ ਉਸ ਨੂੰ ਪੂਰਾ ਕਰ ਸਕਿਆ।

ਰਾਸ਼ਟਰਪਤੀ ਦੀ ਇਸ ਗਲਤੀ 'ਤੇ ਲੋਕਾਂ ਨੇ ਉਨ੍ਹਾਂ ਨੂੰ ਖੂਬ ਟ੍ਰੋਲ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਰਾਈਟ ਭਰਾਵਾਂ ਨੇ ਪਹਿਲਾ ਜਹਾਜ਼ ਹੀ 1903 ਵਿਚ ਉਡਾਇਆ ਸੀ, ਤਾਂ ਅਮਰੀਕੀ ਕ੍ਰਾਂਤੀਕਾਰੀਆਂ ਨੇ ਉਸ ਤੋਂ ਪਹਿਲਾਂ ਹੀ ਏਅਰਪੋਰਟ 'ਤੇ ਕਬਜ਼ਾ ਕਿਵੇਂ ਕਰ ਲਿਆ। ਏਅਰਪੋਰਟ 'ਤੇ ਕਬਜ਼ੇ ਤੋਂ ਇਲਾਵਾ ਟਰੰਪ ਦੀ ਜ਼ੁਬਾਨ ਇਕ ਹੋਰ ਤੱਥ 'ਤੇ ਫਿਸਲੀ ਸੀ। ਉਨ੍ਹਾਂ ਨੇ ਭਾਸ਼ਣ ਦੌਰਾਨ ਫੋਰਟ ਮੈਕਹੇਨਰੀ ਦੀ ਲੜਾਈ ਨੂੰ ਵੀ ਸੁਤੰਤਰਤਾ ਸੰਗਰਾਮ ਨਾਲ ਜੋੜ ਦਿੱਤਾ। ਜਦੋਂ ਕਿ ਇਹ ਲੜਾਈ ਸੁਤੰਤਰਤਾ ਸੰਗਰਾਮ ਦੇ ਕੁਝ ਦਹਾਕੇ ਬਾਅਦ 1814 ਵਿਚ ਹੋਈ ਸੀ। ਭਾਸ਼ਣ ਵਿਚ ਹੋਈਆਂ ਇਨ੍ਹਾਂ ਗਲਤੀਆਂ ਦੀ ਠੀਕਰਾ ਟਰੰਪ ਨੇ ਟੈਲੀਪ੍ਰਾਮਪਟਰ 'ਤੇ ਭੰਨਿਆ ਹੈ।


Sunny Mehra

Content Editor

Related News