ਅਮਰੀਕੀ ਵਿਦੇਸ਼ ਮੰਤਰਾਲੇ ''ਚ ਸੀਨੀਅਰ ਡਿਪਲੋਮੈਟਾਂ ਨੇ ਮਨਾਈ ਦੀਵਾਲੀ

Tuesday, Nov 06, 2018 - 10:04 AM (IST)

ਅਮਰੀਕੀ ਵਿਦੇਸ਼ ਮੰਤਰਾਲੇ ''ਚ ਸੀਨੀਅਰ ਡਿਪਲੋਮੈਟਾਂ ਨੇ ਮਨਾਈ ਦੀਵਾਲੀ

ਵਾਸ਼ਿੰਗਟਨ (ਭਾਸ਼ਾ)— ਭਾਰਤ ਅਤੇ ਅਮਰੀਕਾ ਦੇ ਸੀਨੀਅਰ ਡਿਪਲੋਮੈਟਾਂ ਨੇ ਸੋਮਵਾਰ ਨੂੰ ਇੱਥੇ ਰੋਸ਼ਨੀ ਦੇ ਤਿਓਹਾਰ  ਦੀਵਾਲੀ ਦਾ ਜਸ਼ਨ ਮਨਾਇਆ। ਇਸ ਨਾਲ ਵਿਸ਼ਵ ਦੇ ਦੋ ਸਭ ਤੋਂ ਵੱਡੇ ਲੋਕਤੰਤਰੀ ਦੇਸ਼ਾਂ ਵਿਚਕਾਰ ਹਿੱਸੇਦਾਰੀ ਦੀ ਮਜ਼ਬੂਤੀ ਦੀ ਝਲਕ ਮਿਲਦੀ ਹੈ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਨਵਤੇਜ ਸਰਨਾ ਅਤੇ ਉਪ ਵਿਦੇਸ਼ ਮੰਤਰੀ ਜੌਨ ਸੁਲਿਵਾਨ ਵਿਦੇਸ਼ ਮੰਤਰਾਲੇ ਦੇ ਫੌਗੀ ਬੌਟਮ ਦਫਤਰ ਵਿਚ ਹੋਏ ਦੀਵਾਲੀ ਸਮਾਰੋਹ ਦੇ ਮੁੱਖ ਮਹਿਮਾਨ ਸਨ। ਸੁਲਿਵਾਨ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਵਿਚ ਦੀਵਾਲੀ ਦਾ ਜਸ਼ਨ ਭਾਰਤ ਨਾਲ ਹਿੱਸੇਦਾਰੀ ਦੀ ਮਜ਼ਬੂਤੀ ਤੇ ਸਹਿਣਸ਼ੀਲਤਾ, ਡਾਇਵਰਸਿਟੀ, ਆਜ਼ਾਦੀ ਅਤੇ ਨਿਆਂ ਦੇ ਸਾਂਝੇ ਮੁੱਲਾਂ ਨੂੰ ਦਰਸਾਉਂਦਾ ਹੈ। 

ਸਮਾਰੋਹ ਵਿਚ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਘਰ ਦੇ ਅਧਿਕਾਰੀਆਂ ਸਮੇਤ ਕਰੀਬ 200 ਮਹਿਮਾਨ ਸ਼ਾਮਲ ਹੋਏ। ਇਹ ਪਹਿਲੀ ਵਾਰ ਹੈ ਜਦੋਂ ਵਿਦੇਸ਼ ਮੰਤਰਾਲੇ ਨੇ ਭਾਰਤੀ ਦੂਤਘਰ ਦੇ ਸਹਿਯੋਗ ਨਾਲ ਦੀਵਾਲੀ ਸਮਾਰੋਹ ਦਾ ਆਯੋਜਨ ਕੀਤਾ। ਸਰਨਾ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਵਿਚ ਦੀਵਾਲੀ ਦਾ ਜਸ਼ਨ ਭਾਰਤ ਤੇ ਅਮਰੀਕਾ ਦੇ ਲੋਕਾਂ ਵਿਚਕਾਰ ਵੱਧਦੇ ਆਪਸੀ ਸੰਪਰਕ ਦਾ ਸੰਕੇਤ ਹੈ। ਉਨ੍ਹਾਂ ਨੇ ਅਮਰੀਕੀ ਵਿਦੇਸ਼ ਮੰਤਰਾਲੇ ਸਮੇਤ ਹੋਰ ਖੇਤਰਾਂ ਵਿਚ ਭਾਰਤੀ ਮੂਲ ਦੇ ਨਾਗਰਿਕਾਂ ਦੀ ਵੱਧਦੇ ਮਾਣ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਪਛਾਣੇ ਜਾਣ ਦਾ ਜ਼ਿਕਰ ਕੀਤਾ। 

ਸਰਨਾ ਨੇ ਦੋਹਾਂ ਦੇਸ਼ਾਂ ਦੇ ਕਰੀਬੀ ਸੱਭਿਆਚਾਰਕ ਰਿਸ਼ਤਿਆਂ ਅਤੇ ਉਨ੍ਹਾਂ ਵਿਚਕਾਰ ਸਮਾਨਤਾਵਾਂ ਨੂੰ ਮਾਨਤਾ ਦਿੱਤੇ ਜਾਣ ਦੇ ਤੌਰ 'ਤੇ ਸਾਲ 2016 ਵਿਚ ਅਮਰੀਕੀ ਡਾਕ ਸੇਵਾ ਵੱਲੋਂ ਜਾਰੀ ਦੀਵਾਲੀ ਦੇ ਟਿਕਟ ਦਾ ਵੀ ਜ਼ਿਕਰ ਕੀਤਾ। ਸੁਲਿਵਾਨ ਨੇ ਦੀਵਾਲੀ ਦੇ ਮੌਕੇ 'ਤੇ ਸਾਰੇ ਭਾਰਤੀਆਂ ਨੂੰ ਵਧਾਈ ਦਿੱਤੀ ਅਤੇ ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਲਈ ਭਾਰਤੀ ਦੂਤਘਰ ਅਤੇ ਦੱਖਣੀ ਏਸ਼ੀਆ ਅਮਰੀਕੀ ਕਰਮਚਾਰੀ ਯੂਨੀਅਨ ਦਾ ਸ਼ੁਕਰੀਆ ਅਦਾ ਕੀਤਾ। ਇਸ ਮੌਕੇ ਤਬਲਾ ਅਤੇ ਸਿਤਾਰ 'ਤੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਪੇਸ਼ਕਾਰੀ ਕੀਤੀ ਗਈ।


author

Vandana

Content Editor

Related News