ਕੈਂਸਰ ਮਾਮਲੇ ''ਚ ਫਸੀ ਅਮਰੀਕੀ ਕੰਪਨੀ ''ਮੋਨਸੇਂਟੋ''

Thursday, Jun 21, 2018 - 10:03 PM (IST)

ਕੈਂਸਰ ਮਾਮਲੇ ''ਚ ਫਸੀ ਅਮਰੀਕੀ ਕੰਪਨੀ ''ਮੋਨਸੇਂਟੋ''

ਵਾਸ਼ਿੰਗਟਨ — ਅਮਰੀਕਾ ਦੀ ਪ੍ਰਸਿੱਧ ਖੇਤੀਬਾੜੀ ਰਸਾਇਣ ਕੰਪਨੀ ਮੋਨਸੇਂਟੋ ਆਪਣੇ ਉਤਪਾਦਾਂ ਨਾਲ ਕੈਂਸਰ ਫੈਲਾਉਣ ਨੂੰ ਲੈ ਕੇ ਕਾਨੂੰਨੀ ਕਾਰਵਾਈ 'ਚ ਫਸ ਗਈ ਹੈ। ਕੈਲੇਫੋਰਨੀਆ ਦੇ ਇਕ ਕੈਂਸਰ ਪੀੜਤ ਨੇ ਆਪਣੀ ਬੀਮਾਰੀ ਲਈ ਕੰਪਨੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਮੁਕੱਦਮਾ ਕੀਤਾ ਹੈ। ਉਸ ਦਾ ਦਾਅਵਾ ਹੈ ਕਿ ਖੇਤੀ 'ਚ ਜੰਗਲੀ ਬੂਟੀਆਂ ਨੂੰ ਖਤਮ ਕਰਨ ਲਈ ਇਸਤੇਮਾਲ ਕੀਤੇ ਜਾਣ ਵਾਲੀ ਮੋਨਸੇਂਟੋ ਦੇ ਰਾਊਂਡਅਪ ਉਤਪਾਦ ਕਾਰਨ ਉਸ ਨੂੰ ਕੈਂਸਰ ਹੋ ਗਿਆ। ਇਸ ਉਤਪਾਦ 'ਚ ਮੁੱਖ ਰੂਪ ਤੋਂ ਗਲਾਈਫੋਸੇਟ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨੂੰ ਕਈ ਮਾਹਿਰ ਕੈਂਸਰ ਦਾ ਕਾਰਨ ਦੱਸਦੇ ਹਨ।
ਅਮਰੀਕੀ ਮੀਡੀਆ ਮੁਤਾਬਕ 46 ਸਾਲਾਂ ਡਵੇਨ ਜਾਨਸਨ ਦੇ ਵਕੀਲ ਟਿਮੋਥੀ ਲਿਟਜੇਂਬਰਗ ਨੇ ਦੱਸਿਆ ਕਿ ਉਨ੍ਹਾਂ ਦੇ ਕਲਾਇੰਟ ਨੂੰ ਰਾਊਂਡਅਪ ਦੇ ਸੰਪਰਕ 'ਚ ਆਉਣ ਨਾਲ ਕੈਂਸਰ ਹੋ ਗਿਆ, ਉਹ 2 ਬੱਚਿਆਂ ਦੇ ਪਿਤਾ ਹਨ। ਉਹ ਸਾਲ 2012 ਤੋਂ ਸੈਨ ਫ੍ਰਾਂਸਿਸਕੋ ਕੋਲ ਸਥਿਤ ਬੇਨੇਸ਼ੀਆ ਸਕੂਲ 'ਚ ਰਾਊਂਡਅਪ ਦਾ ਇਸਤੇਮਾਲ ਕਰ ਰਹੇ ਸਨ। ਉਹ ਸਕੂਲ 'ਚ ਬਤੌਰ ਗ੍ਰਾਊਂਡ-ਕੀਪਰ ਵੱਜੋਂ ਕੰਮ ਕਰਦੇ ਸਨ। ਰਾਊਂਡਅਪ ਦਾ ਅਮਰੀਕਾ 'ਚ ਵੱਡੇ ਪੈਮਾਨੇ 'ਤੇ ਇਸਤੇਮਾਲ ਕੀਤਾ ਜਾਂਦਾ ਹੈ। ਜਾਨਸਨ ਨੂੰ 2014 'ਚ ਕੈਂਸਰ ਦੇ ਇਕ ਪ੍ਰਕਾਰ ਹਾਜਕਿੰਸ ਲਿੰਫੋਮਾ ਨਾਲ ਪੀੜਤ ਪਾਇਆ ਗਿਆ। ਇਸ ਬੀਮਾਰੀ 'ਚ ਵ੍ਹਾਈਟ ਬਲੱਡ ਸੈਲਸ ਪ੍ਰਭਾਵਿਤ ਹੁੰਦੇ ਹਨ। ਇਸ ਕਾਰਨ ਉਹ ਕੰਮਕਾਰ ਕਰਨ 'ਚ ਅਸਮਰਥ ਹੋ ਗਏ। ਉਨ੍ਹਾਂ ਦੇ ਕੇਸ ਦੀ ਸੁਣਵਾਈ 'ਚ ਜਲਦ ਤੋਂ ਜਲਦ ਕੀਤੀ ਜਾ ਰਹੀ ਹੈ ਕਿਉਂਕਿ ਉਹ ਕੁਝ ਮਹੀਨੇ ਹੀ ਜਿਊਂਦੇ ਰਹਿਣਗੇ। ਸੈਨ ਫ੍ਰਾਂਸਿਸਕੋ ਦੀ ਇਕ ਅਦਾਲਤ 'ਚ ਬੀਤੇ ਸੋਮਵਾਰ ਨੂੰ ਉਨ੍ਹਾਂ ਦੇ ਮਾਮਲੇ ਦੀ ਸ਼ੁਰੂਆਤੀ ਸੁਣਵਾਈ ਹੋਈ।
ਟਿਮੋਥੀ ਨੇ ਦੱਸਿਆ ਮੋਨਸੇਂਟੋ ਖਿਲਾਫ ਅਮਰੀਕੀ ਅਦਾਲਤਾਂ 'ਚ ਹਜ਼ਾਰਾਂ ਮੁਕੱਦਮੇ ਦਾਖਲ ਹਨ। ਉਹ ਇਸ ਤਰ੍ਹਾਂ ਦੇ ਸੈਂਕੜੇ ਮੁਕੱਦਮਿਆਂ 'ਚ ਪੀੜਤਾਂ ਦੀ ਸੁਣਵਾਈ ਕਰ ਰਹੇ ਹਨ। ਇਨ੍ਹਾਂ 'ਚੋਂ ਕਈਆਂ ਦਾ ਦਾਅਵਾ ਹੈ ਕਿ ਉਸ ਦੇ ਉਤਪਾਦਾਂ 'ਚ ਇਸਤੇਮਾਲ ਹੋਣ ਵਾਲੇ ਪਦਾਰਥ ਗਲਾਈਫੋਸੇਟ ਤੋਂ ਪੀੜਤ ਹਨ। ਡਬਲਯੂ. ਐੱਚ. ਓ. ਦੀ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ ਨੇ ਗਲਾਈਫੋਸੇਟ ਨੂੰ ਅਜਿਹੇ ਪਦਾਰਥਾਂ ਦੀ ਲਿਸਟ 'ਚ ਰੱਖਿਆ ਗਿਆ ਹੈ ਜਿਨ੍ਹਾਂ ਨਾਲ ਕੈਂਸਰ ਹੋਣ ਦਾ ਸ਼ੱਕ ਰਹਿੰਦਾ ਹੈ। ਗਲਾਈਫੋਸੇਟ ਦਾ ਦੁਨੀਆ ਭਰ 'ਚ ਵਿਆਪਕ ਇਸਤੇਮਾਲ ਕੀਤਾ ਜਾਂਦਾ ਹੈ।
ਮੋਨਸੇਂਟੋ ਨੇ ਇਨ੍ਹਾਂ ਦੋਸ਼ਾਂ ਨੂੰ ਗਲਤ ਦੱਸਿਆ ਹੈ, ਕੰਪਨੀ ਦਾ ਦਾਅਵਾ ਹੈ ਕਿ ਅਮਰੀਕਾ ਦੀ ਵਾਤਾਵਰਣ ਰੱਖਿਆ ਏਜੰਸੀ ਅਤੇ 800 ਤੋਂ ਜ਼ਿਆਦਾ ਵਿਗਿਆਨਕ ਇਕ ਅਧਿਐਨ 'ਚ ਇਸ ਨਤੀਜੇ 'ਤੇ ਪਹੁੰਚੇ ਕਿ ਗਲਾਈਫੋਸੇਟ ਸੁਰੱਖਿਅਤ ਹੈ। ਮੋਨਸੇਂਟੋ ਦੇ ਬੀਜ ਸਮੇਤ ਖੇਤੀਬਾੜੀ ਉਤਪਾਦਾਂ ਦਾ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਚ ਵੱਡਾ ਬਜ਼ਾਰ ਹੈ। ਉਹ ਬੀਟੀ ਕਾਟਨ ਬੀਜ਼ਾਂ ਨੂੰ ਲੈ ਕੇ ਭਾਰਤ 'ਚ ਚਰਚਾ 'ਚ ਰਹੀ।


Related News