ਅਮਰੀਕੀ ਨਾਗਰਿਕਤਾ ਲੈਣ ''ਚ ਭਾਰਤੀ ਦੂਜੇ ਨੰਬਰ ''ਤੇ: ਰਿਪੋਰਟ

12/01/2017 10:28:17 AM

ਵਾਸ਼ਿੰਗਟਨ(ਬਿਊਰੋ)— ਭਾਰਤੀ ਲੋਕਾਂ ਦੇ ਅਮਰੀਕਾ ਵਿਚ ਵਸਣ ਦੀ ਗਿਣਤੀ ਵਧਦੀ ਜਾ ਰਹੀ ਹੈ। ਅਮਰੀਕਾ ਦੀ ਨਾਗਰਿਕਤਾ ਲੈਣ ਵਿਚ ਮੈਕਸੀਕੋ ਤੋਂ ਬਾਅਦ ਭਾਰਤੀ ਦੂਜੇ ਨੰਬਰ ਉੱਤੇ ਆਉਂਦੇ ਹਨ। ਸਾਲ 2016 ਵਿਚ ਕੁੱਲ 46 ਹਜ਼ਾਰ 100 ਲੋਕਾਂ ਨੇ ਅਮਰੀਕਾ ਦੀ ਨਾਗਰਿਕਤਾ ਲਈ ਹੈ। ਅਮਰੀਕਾ ਵੱਲੋਂ ਜ਼ਾਰੀ ਡਾਟਾ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।
ਅਮਰੀਕਾ ਦੇ ਹੋਮਲੈਂਡ ਸਿਕਿਓਰਿਟੀ ਵਿਭਾਗ (DHS) ਨੇ ਹਾਲ ਹੀ ਵਿਚ ਇਕ ਡਾਟਾ ਜਾਰੀ ਕੀਤਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਹੁਣ ਤੱਕ ਉਸ ਨੇ ਕਿੰਨੇ ਲੋਕਾਂ ਨੂੰ ਨਾਗਰਿਕਤਾ ਦਿੱਤੀ ਹੈ। ਇਸ ਡੇਟਾ ਮੁਤਾਬਕ, 1 ਅਕਤੂਬਰ 2015 ਤੋਂ 30 ਸਤੰਬਰ 2016 ਦੌਰਾਨ ਕੁੱਲ 46,100 ਭਾਰਤੀਆਂ ਨੇ ਅਮਰੀਕਾ ਦੀ ਨਾਗਰਿਕਤਾ ਲਈ ਹੈ।
ਉਥੇ ਹੀ ਮੈਕਸੀਕੋ ਤੋਂ ਕੁੱਲ 7.53 ਲੱਖ ਲੋਕਾਂ ਨੂੰ ਅਮਰੀਕਾ ਦੀ ਨਾਗਰਿਕਤਾ ਮਿਲੀ ਹੈ। ਸਾਲ 2016 ਵਿਚ ਅਮਰੀਕਾ ਨੇ ਜਿੰਨੇ ਲੋਕਾਂ ਨੂੰ ਨਾਗਰਿਕਤਾ ਦਿੱਤੀ ਹੈ, ਉਸ ਵਿਚ 6 ਫੀਸਦੀ ਭਾਰਤੀ ਹਨ। ਇਸ ਵਿੱਤ ਸਾਲ ਵਿਚ ਕਰੀਬ 9.72 ਲੱਖ ਲੋਕਾਂ ਨੇ ਅਮਰੀਕੀ ਨਾਗਰਿਕਤਾ ਹਾਸਲ ਕਰਨ ਲਈ ਅਰਜ਼ੀ ਦਿੱਤੀ ਸੀ। ਪਿਛਲੇ ਸਾਲ ਦੀ ਤੁਲਣਾ ਵਿਚ ਇਹ 24 ਫੀਸਦੀ ਜ਼ਿਆਦਾ ਹੈ। ਦੱਸ ਦਈਏ ਕਿ ਅਮਰੀਕਾ ਨੇ ਆਪਣੇ ਵੀਜ਼ਾ ਨਿਯਮਾਂ ਨੂੰ ਹੋਰ ਸਖਤ ਕੀਤਾ ਹੈ, ਫਿਰ ਵੀ ਇੱਥੇ ਦੀ ਨਾਗਰਿਕਤਾ ਲੈਣ ਵਾਲਿਆਂ ਦੀ ਗਿਣਤੀ ਵਿਚ ਉਛਾਲ ਆਇਆ ਹੈ। ਆਮਤੌਰ ਉੱਤੇ ਇੱਥੇ ਗਰੀਨ ਕਾਰਡ ਹਾਸਲ ਕਰ ਚੁੱਕੇ ਦੂਜੇ ਦੇਸ਼ਾਂ ਦੇ ਨਾਗਰਿਕ ਹੀ ਨਾਗਰਿਕਤਾ ਲੈਣ ਲਈ ਅਰਜ਼ੀ ਦਿੰਦੇ ਹਨ। ਕਿਸੇ ਵੀ ਦੇਸ਼ ਦੇ ਗਰੀਨ ਕਾਰਡ ਹੋਲਡਰ ਅਮਰੀਕਾ ਵਿਚ ਰਹਿ ਕੇ ਲੰਬੇ ਸਮੇਂ ਤੱਕ ਕੰਮ ਕਰ ਸਕਦੇ ਹਨ।
ਹਾਲਾਂਕਿ ਰਾਸ਼ਟਰਪਤੀ ਬਨਣ ਤੋਂ ਬਾਅਦ ਡੋਨਾਲਡ ਟਰੰਪ ਨੌਕਰੀ ਦੇਣ ਵਿਚ ਅਮਰੀਕੀ ਲੋਕਾਂ ਉੱਤੇ ਜ਼ਿਆਦਾ ਫੋਕਸ ਕਰ ਰਹੇ ਹਨ। ਫਿਰ ਵੀ ਗਰੀਨ ਕਾਰਡ ਲੈ ਚੁੱਕੇ ਦੂਜੇ ਦੇਸ਼ਾਂ ਦੇ ਨਾਗਰਿਕ ਇੱਥੇ ਦੀ ਨਾਗਰਿਕਤਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਗੈਰ-ਲਾਭਕਾਰੀ ਸੰਗਠਨ ਏਸ਼ੀਅਨ ਅਮੇਰੀਕਨਸ ਐਡਵਾਸਿੰਗ ਜਸਟਿਸ ਦੇ ਪ੍ਰਧਾਨ ਜਾਨ ਸੀ ਯਾਂਗ ਮੁਤਾਬਕ, ਭਾਰਤੀ ਇੱਥੇ ਦੀ ਨਾਗਰਿਕਤਾ ਦੀ ਕੀਮਤ ਨੂੰ ਸਭ ਤੋਂ ਜ਼ਿਆਦਾ ਸਮਝਦੇ ਹਨ। ਇੱਥੇ ਦੀ ਨਾਗਰਿਕਤਾ ਪਾਉਣ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਸੁਰੱਖਿਆ ਦੇ ਕੁੱਝ ਅਧਿਕਾਰ ਮਿਲਦੇ ਹਨ। ਉਨ੍ਹਾਂ ਨੂੰ ਵੋਟ ਦੇਣ ਦਾ ਅਧਿਕਾਰ ਵੀ ਮਿਲਦਾ ਹੈ। ਇਹੀ ਵਜ੍ਹਾ ਹੈ ਕਿ ਭਾਰਤੀ ਚੰਗੇ ਮੌਕੇ, ਜ਼ਿਆਦਾ ਕਮਾਈ ਅਤੇ ਤਰੱਕੀ ਲਈ ਇੱਥੇ ਵਸਣਾ ਚਾਹੁੰਦੇ ਹਨ।


Related News