ਅਮਰੀਕਾ: 30 ਵਿਦਿਆਰਥੀਆਂ ਦੇ ਮਾਸਕ ਨਾ ਪਹਿਨਣ 'ਤੇ ਅਮੈਰੀਕਨ ਏਅਰਲਾਈਨ ਦੀ ਫਲਾਈਟ ਰੱਦ
Friday, Jul 09, 2021 - 10:11 AM (IST)
![ਅਮਰੀਕਾ: 30 ਵਿਦਿਆਰਥੀਆਂ ਦੇ ਮਾਸਕ ਨਾ ਪਹਿਨਣ 'ਤੇ ਅਮੈਰੀਕਨ ਏਅਰਲਾਈਨ ਦੀ ਫਲਾਈਟ ਰੱਦ](https://static.jagbani.com/multimedia/2021_7image_10_10_369422041pb.jpg)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਵਿਖੇ ਅਮੈਰੀਕਨ ਏਅਰਲਾਈਨ ਦੀ ਇੱਕ ਫਲਾਈਟ ਹਾਈ ਸਕੂਲ ਦੇ ਤਕਰੀਬਨ 30 ਵਿਦਿਆਰਥੀਆਂ ਦੇ ਲੋੜ ਅਨੁਸਾਰ ਫੇਸ ਮਾਸਕ ਪਹਿਨਣ ਤੋਂ ਇਨਕਾਰ ਕਰਨ ਤੋਂ ਬਾਅਦ ਰੱਦ ਕੀਤੀ ਗਈ ਅਤੇ ਸਾਰਾ ਦਿਨ ਰਵਾਨਗੀ ਤੋਂ ਅਸਮਰੱਥ ਰਹੀ। ਸਾਊਥ ਕੈਰੋਲਿਨਾ ਦੇ ਸ਼ਾਰਲੋਟ ਤੋਂ ਨਸਾਓ, ਬਹਾਮਾਸ ਜਾਣ ਵਾਲੀ ਅਮੈਰੀਕਨ ਏਅਰਲਾਈਂਸ ਦੀ ਫਲਾਈਟ 893 ਨੂੰ ਸੋਮਵਾਰ ਸਵੇਰੇ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ।
ਇਹ ਫਲਾਈਟ ਰੱਦ ਹੋਣ ਤੋਂ ਅਗਲੇ ਦਿਨ ਰਵਾਨਾ ਕੀਤੀ ਗਈ। ਅਮੈਰੀਕਨ ਏਅਰ ਲਾਈਨ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਕੁਝ ਯਾਤਰੀ ਜਹਾਜ਼ ਵਿੱਚ ਫੇਸ ਮਾਸਕ ਪਹਿਨਣ ਤੋਂ ਇਨਕਾਰ ਕਰ ਰਹੇ ਸਨ ਅਤੇ ਜਹਾਜ਼ ਦੇ ਕਰਮਚਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ ਸਨ। ਇਸ ਸਥਿਤੀ ਨੂੰ ਦੇਖਦਿਆਂ ਉਡਾਣ ਨੂੰ ਰੱਦ ਕੀਤਾ ਗਿਆ ਅਤੇ ਸਾਰੇ ਯਾਤਰੀਆਂ ਨੂੰ ਸੋਮਵਾਰ ਨੂੰ ਖਾਣੇ ਦੇ ਵਾਊਚਰਾਂ ਦੇ ਨਾਲ ਨਾਲ ਹੋਟਲ 'ਚ ਕਮਰੇ ਵੀ ਮੁਹੱਈਆ ਕਰਵਾਏ ਗਏ।
ਪੜ੍ਹੋ ਇਹ ਅਹਿਮ ਖਬਰ- ਬੋਤਸਵਾਨਾ ਦੀ ਚਮਕੀ ਕਿਸਮਤ, ਲੱਭਿਆ ਦੁਨੀਆ ਦਾ ਦੂਜਾ ਸਭ ਤੋਂ ਵੱਡਾ 'ਹੀਰਾ'
ਜਹਾਜ਼ ਵਿਚ ਸਵਾਰ ਇੱਕ ਯਾਤਰੀ ਨੇ ਦੱਸਿਆ ਕਿ 30 ਦੇ ਕਰੀਬ ਵਿਦਿਆਰਥੀਆਂ ਦਾ ਸਮੂਹ ਆਪਣੀ ਗ੍ਰੈਜੂਏਸ਼ਨ ਦੀ ਪਾਰਟੀ ਲਈ ਬਹਾਮਾਸ ਜਾ ਰਿਹਾ ਸੀ ਅਤੇ ਉਹਨਾਂ ਨੇ ਮਾਸਕ ਨਹੀਂ ਪਹਿਣੇ ਸਨ।ਏਅਰਲਾਈਨ ਅਧਿਕਾਰੀਆਂ ਵੱਲੋਂ ਫਲਾਈਟ ਰੱਦ ਕਰਨ ਦੇ ਬਾਅਦ ਇਸ ਸਮੂਹ ਨੂੰ ਹੋਰ ਫਲਾਈਟ ਵਿੱਚ ਜਾਣ ਲਈ ਕਿਹਾ ਗਿਆ ਤਾਂ ਉਹ ਫੇਸ ਮਾਸਕ ਪਹਿਨਣ ਲਈ ਤਿਆਰ ਹੋ ਗਏ। ਇਹ ਫਲਾਈਟ ਆਖਰਕਾਰ ਮੰਗਲਵਾਰ ਸਵੇਰੇ 10 ਵਜੇ ਸ਼ਾਰਲੋਟ ਤੋਂ ਰਵਾਨਾ ਹੋਈ।