ਭਾਰਤੀ-ਅਮਰੀਕੀ ਸ਼ਖਸ ਨੇ ਬਜ਼ੁਰਗ ਲੋਕਾਂ ਨਾਲ ਧੋਖਾਧੜੀ ਕਰਨ ਦਾ ਜ਼ੁਰਮ ਕੀਤਾ ਕਬੂਲ
Thursday, Apr 01, 2021 - 12:25 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕੀ ਸੂਬੇ ਕੈਲੀਫੋਰਨੀਆ ਦੇ ਇਕ ਭਾਰਤੀ-ਅਮਰੀਕੀ ਵਿਅਕਤੀ ਨੇ ਬਜ਼ੁਰਗ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਸਵੀਕਾਰ ਕਰ ਲਏ ਹਨ। ਅਨੁਜ ਮਹੇਂਦਰਭਾਈ ਪਟੇਲ (31) ਨੇ ਕਈ ਲੋਕਾਂ ਨਾਲ ਸੰਘੀ ਏਜੰਟ ਬਣ ਕੇ ਫਰਜ਼ੀ ਵਾਰੰਟ 'ਤੇ ਗ੍ਰਿਫ਼ਤਾਰੀ ਦੀ ਧਮਕੀ ਦੇ ਕੇ ਬਜ਼ੁਰਗਾਂ ਤੋਂ 500,000 ਡਾਲਰ ਤੋਂ ਵੱਧ ਨਕਦੀ ਇਕੱਠੀ ਕੀਤੀ। ਬੁੱਧਵਾਰ ਨੂੰ ਪਟੇਲ ਨੇ ਘੱਟੋ-ਘੱਟ 10 ਲੋਕਾਂ ਨਾਲ ਧੋਖਾਧੜੀ ਦੀ ਗੱਲ ਸਵੀਕਾਰ ਕੀਤੀ। ਇਸ ਮਾਮਲੇ ਵਿਚ ਸਜ਼ਾ 28 ਜੂਨ ਨੂੰ ਸੁਣਾਈ ਜਾਵੇਗੀ ਅਤੇ ਪਟੇਲ ਨੂੰ ਵੱਧ ਤੋਂ ਵੱਧ 20 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ।
ਦਸਤਾਵੇਜ਼ਾਂ ਮੁਤਾਬਕ ਪਟੇਲ ਨੇ ਅਪ੍ਰੈਲ 2019 ਤੋਂ ਮਾਰਚ 2020 ਤੱਕ ਇਕ ਅੰਤਰਰਾਸ਼ਟਰੀ ਸਾਜਿਸ਼ ਦਾ ਹਿੱਸਾ ਬਣਦੇ ਹੋਏ ਬਜ਼ੁਰਗ ਲੋਕਾਂ ਨਾਲ ਧੋਖਾਧੜੀ ਕੀਤੀ। ਸਾਜਿਸ਼ ਵਿਚ ਸ਼ਾਮਲ ਹੋਰ ਲੋਕ ਪੀੜਤਾਂ ਨੂੰ ਫੋਨ ਕਰਦੇ ਅਤੇ ਸਰਕਾਰੀ ਕਰਮਚਾਰੀ ਜਾਂ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਬਣ ਕੇ ਉਹਨਾਂ ਨਾਲ ਗੱਲ ਕਰਦੇ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਸਾਜਿਸ਼ ਵਿਚ ਭਾਰਤ ਦੇ ਕੁਝ ਲੋਕ ਵੀ ਸ਼ਾਮਲ ਹਨ। ਨਿਆਂ ਵਿਭਾਗ ਨੇ ਦੱਸਿਆ ਕਿ ਕਈ ਝੂਠੇ ਦਾਅਵੇ ਕਰਕੇ ਇਹ ਲੋਕ ਬਜ਼ੁਰਗਾਂ ਨੂੰ ਵਿਸ਼ਵਾਸ ਦਿਵਾਉਂਦੇ ਸਨ ਕਿ ਉਹਨਾਂ ਦੀ ਪਛਾਣ ਜਾਂ ਜਾਇਦਾਦਾਂ ਖਤਰੇ ਵਿਚ ਹਨ।
ਪੜ੍ਹੋ ਇਹ ਅਹਿਮ ਖਬਰ - ਰਾਹਤ ਦੀ ਖ਼ਬਰ, ਬ੍ਰਿਸਬੇਨ 'ਚ ਅੱਜ ਖ਼ਤਮ ਹੋਵੇਗੀ ਤਾਲਾਬੰਦੀ
ਪੀੜਤਾਂ ਵਿਚ ਜ਼ਿਆਦਾਤਰ ਬਜ਼ੁਰਗ ਸ਼ਾਮਲ ਸਨ। ਕੁਝ ਲੋਕਾਂ ਨੂੰ ਦੱਸਿਆ ਜਾਂਦਾ ਸੀ ਕਿ ਉਹਨਾਂ ਦਾ ਸਮਾਜਿਕ ਸੁਰੱਖਆ ਨੰਬਰ ਅਪਰਾਧਾਂ ਨਾਲ ਜੁੜਿਆ ਹੈ ਅਤੇ ਅਦਾਲਤਾਂ ਨੇ ਉਹਨਾਂ ਖ਼ਿਲਾਫ਼ ਵਾਰੰਟ ਜਾਰੀ ਕੀਤਾ ਹੋਇਆ ਹੈ। ਸਰਕਾਰੀ ਵਕੀਲ ਮੁਤਾਬਕ ਧੋਖਾਧੜੀ ਵਿਚ ਸ਼ਾਮਲ ਲੋਕ ਪੀੜਤਾਂ ਨੂੰ ਕਹਿੰਦੇ ਸਨ ਕਿ ਜੇਕਰ ਉਹ ਵਾਰੰਟ ਰੱਦ ਕਰਾਉਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਨਕਦੀ ਭੇਜਣੀ ਹੋਵੇਗੀ।
ਨੋਟ- ਭਾਰਤੀ-ਅਮਰੀਕੀ ਸ਼ਖਸ ਨੇ ਧੋਖਾਧੜੀ ਕਰਨ ਦਾ ਜ਼ੁਰਮ ਕੀਤਾ ਕਬੂਲ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।