ਅਮਰੀਕਾ ਭਾਰਤ ਨੂੰ ਦੇਵੇਗਾ 40 ਘੰਟਿਆਂ ਤੱਕ ਉੱਡਣ ਵਾਲੇ ਡ੍ਰੋਨ

08/20/2017 3:15:46 AM

ਵਾਸ਼ਿੰਗਟਨ -ਭਾਰਤ ਨੂੰ 22-ਸੀ ਗਾਰਡੀਅਨ ਡ੍ਰੋਨ ਦੇਣ ਦੇ ਫੈਸਲੇ ਨਾਲ ਨਾ ਸਿਰਫ ਦੋਵਾਂ ਦੇਸ਼ਾਂ ਦੇ ਸਬੰਧ ਵਧੀਆ ਹੋਣਗੇ ਸਗੋਂ ਅਮਰੀਕਾ 'ਚ 2000 ਨਵੇਂ ਜੌਬਜ਼ ਵੀ ਆਉਣਗੇ। ਇਹ ਗੱਲ ਭਾਰਤੀ ਮੂਲ ਦੇ ਇਕ ਚੋਟੀ ਦੇ ਅਮਰੀਕੀ ਅਫਸਰ ਨੇ ਕਹੀ ਹੈ। 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਭਾਰਤ ਨੂੰ 2 ਬਿਲੀਅਨ ਡਾਲਰ (ਲਗਭਗ 12818 ਕਰੋੜ ਰੁਪਏ) ਦੇ ਡ੍ਰੋਨ ਦਿੱਤੇ ਜਾਣ 'ਤੇ ਡੋਨਾਲਡ ਟਰੰਪ ਨੇ ਸਹਿਮਤੀ ਪ੍ਰਗਟਾਈ ਸੀ। ਇਸ ਡ੍ਰੋਨ ਨਾਲ ਭਾਰਤ ਦੇ 7500 ਕਿ. ਮੀ. ਲੰਬੇ ਸਮੁੰਦਰੀ ਕੰਢਿਆਂ 'ਤੇ ਨਜ਼ਰ ਰੱਖੀ ਜਾਵੇਗੀ। 
ਇਕ ਨਿਊਜ਼ ਏਜੰਸੀ ਅਨੁਸਾਰ 'ਯੂ. ਐੱਸ. ਐਂਡ ਇੰਟਰਨੈਸ਼ਨਲ ਸਟ੍ਰੈਟਜਿਕ ਡਿਵੈੱਲਪਮੈਂਟ, ਜਨਰਲ ਅਟਾਮਿਕਸ ਦੇ ਚੀਫ ਐਗਜ਼ੀਕਿਊਟਿਵ ਵਿਵੇਕ ਲਾਲ ਨੇ ਕਿਹਾ ਕਿ ਭਾਰਤ ਨੂੰ ਇਹ ਡ੍ਰੋਨ ਦਿੱਤੇ ਜਾਣ ਨਾਲ ਚੀਨ ਦੀ ਨਜ਼ਰ ਜਿਹੜੀ ਹਮੇਸ਼ਾ ਦੱਖਣੀ ਚੀਨ ਸਾਗਰ 'ਤੇ ਰਹੀ ਹੈ ਅਜਿਹੇ ਵਿਚ ਭਾਰਤ ਨੂੰ ਸਮੁੰਦਰੀ ਡ੍ਰੋਨ ਦਿੱਤਾ ਜਾਣਾ ਇਕ ਤਰ੍ਹਾਂ ਹਿੰਦ ਮਹਾਸਾਗਰ 'ਚ ਪਾਵਰ ਬੈਲੇਂਸ ਕਰਨ ਵਿਚ ਮਦਦਗਾਰ ਸਾਬਿਤ ਹੋਵੇਗਾ।  ਉਨ੍ਹਾਂ ਕਿਹਾ ਕਿ ਇਹ ਡ੍ਰੋਨ 40 ਘੰਟਿਆਂ ਤੱਕ ਲਗਾਤਾਰ ਉਡਾਣ ਭਰ ਸਕਦਾ ਹੈ। ਇਸ ਲਈ ਇਸ ਨਾਲ ਭਾਰਤ ਦੀ ਨਿਗਰਾਨੀ ਤਾਕਤ ਹੋਰ ਵਧੇਗੀ। 
ਦੱਸ ਦਈਏ ਕਿ ਹਾਲ ਹੀ 'ਚ ਭਾਰਤ ਨੇ ਇਸਰਾਇਲ ਨਾਲ 10 ਹੇਰਾਨ ਡ੍ਰੋਨ ਦੀ ਡੀਲ ਕੀਤੀ ਹੈ। ਇਨ੍ਹਾਂ ਦੀ ਕੀਮਤ 400 ਮਿਲੀਅਨ ਡਾਲਰ ਹੈ। ਇਸਰਾਇਲ ਦੇ ਹੇਰਾਨ ਨੂੰ ਅਮਰੀਕੀ ਡ੍ਰੋਨ ਦਾ ਮੁਕਾਬਲੇਬਾਜ਼ ਮੰਨਿਆ ਜਾਂਦਾ ਹੈ। ਲਾਲਾ ਨੇ ਕਿਹਾ ਕਿ ਅਮਰੀਕਾ ਦੇ ਭਾਰਤ ਨੂੰ ਡ੍ਰੋਨ ਦੇਣ ਨਾਲ ਇਸਰਾਇਲ ਦੀ ਡੀਲ 'ਤੇ ਅਸਰ ਨਹੀਂ ਪਵੇਗਾ।


Related News