ਅਮਰੀਕਾ ਨੇ ਭਾਰਤ ''ਚੋਂ ਚੋਰੀ ਕੀਤੀਆਂ 2 ਪੁਰਾਤਨ ਮੂਰਤੀਆਂ ਮੋੜੀਆਂ
Friday, Sep 07, 2018 - 10:26 AM (IST)

ਨਿਊਯਾਰਕ— 2 ਅਮਰੀਕੀ ਅਜਾਇਬਘਰਾਂ 'ਚ ਪ੍ਰਦਰਸ਼ਿਤ ਚੋਰੀ ਕੀਤੀਆਂ ਗਈਆਂ ਹਜ਼ਾਰਾਂ ਡਾਲਰਾਂ ਦੀਆਂ 2 ਪੁਰਾਤਨ ਮੂਰਤੀਆਂ ਅਮਰੀਕਾ ਨੇ ਭਾਰਤ ਨੂੰ ਮੋੜ ਦਿੱਤੀਆਂ ਹਨ। ਪਹਿਲੀ ਮੂਰਤੀ 'ਲਿੰਘੋਧਭਵਮੂਰਤੀ' 12ਵੀਂ ਸਦੀ ਦੀ ਹੈ। ਭਗਵਾਨ ਸ਼ਿਵ ਦੀ ਗ੍ਰੇਨਾਈਟ ਨਾਲ ਬਣੀ ਇਹ ਇਤਿਹਾਸਕ ਮੂਰਤੀ ਚੋਲ ਕਾਲ ਦੀ ਹੈ। ਫਿਲਹਾਲ ਇਸ ਦੀ ਕੀਮਤ 225000 ਡਾਲਰ ਮਿੱਥੀ ਗਈ ਹੈ। ਇਸ ਨੂੰ ਤਾਮਿਲਨਾਡੂ 'ਚੋਂ ਚੋਰੀ ਕੀਤਾ ਗਿਆ ਸੀ ਅਤੇ ਅਲਬਾਮਾ ਦੇ ਬਰਮਿੰਘਮ ਅਜਾਇਬਘਰ 'ਚ ਪ੍ਰਦਰਸ਼ਿਤ ਕੀਤਾ ਗਿਆ ਸੀ।
ਦੂਸਰੀ ਮੂਰਤੀ ਬੋਧੀਸਤਵ 'ਮੰਜੂਸ਼੍ਰੀ' ਦੀ ਮੂਰਤੀ ਹੈ। ਉਸ ਦੇ ਹੱਥ 'ਚ ਤਲਵਾਰ ਹੈ ਅਤੇ ਮੂਰਤੀ ਸੋਨੇ ਦੇ ਰੰਗ 'ਚ ਰੰਗੀ ਹੈ। 12ਵੀਂ ਸਦੀ ਦੀ ਇਹ ਮੂਰਤੀ 1980 ਦੇ ਦਹਾਕੇ 'ਚ ਬਿਹਾਰ ਵਿਚ ਬੋਧ ਗਯਾ ਦੇ ਨੇੜੇ ਇਕ ਮੰਦਰ 'ਚੋਂ ਚੋਰੀ ਕੀਤੀ ਗਈ ਸੀ। ਇਸ ਦੀ ਮੌਜੂਦਾ ਕੀਮਤ ਲਗਭਗ 275000 ਡਾਲਰ ਮਿੱਥੀ ਗਈ ਹੈ। ਇਸ ਨੂੰ ਉੱਤਰੀ ਕੈਰੋਲੀਨਾ ਯੂਨੀਵਰਸਿਟੀ ਦੇ ਆਕਲੈਂਡ ਆਰਟ ਅਜਾਇਬਘਰ 'ਚੋਂ ਹਾਸਲ ਕੀਤਾ ਗਿਆ ਹੈ। ਇਹ ਮੂਰਤੀਆਂ ਮੰਗਲਵਾਰ ਨੂੰ ਨਿਊਯਾਰਕ 'ਚ ਵਣਜ ਦੂਤਘਰ ਵਿਚ ਇਕ ਪ੍ਰੋਗਰਾਮ ਵਿਚ ਭਾਰਤ ਦੇ ਮਹਾ ਵਣਜ ਦੂਤ ਸੰਦੀਪ ਚੱਕਰਵਰਤੀ ਨੂੰ ਮੈਨਹਟਨ ਜ਼ਿਲਾ ਅਟਾਰਨੀ ਸਾਈਰਸ ਬ੍ਰੈਂਸ ਜੂਨੀਅਰ ਨੇ ਸੌਂਪੀਆਂ।