ਸਮੁੰਦਰ ਕਿਨਾਰੇ ਨੌਜਵਾਨਾਂ ਨੂੰ ਮਿਲਿਆ ਖਜ਼ਾਨਾ, ਤਸਵੀਰਾਂ ਵਾਇਰਲ
Friday, Mar 06, 2020 - 03:03 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਸ਼ਹਿਰ ਫਲੋਰੀਡਾ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੋ ਨੌਜਵਾਨਾਂ ਨੂੰ 305 ਸਾਲਾ ਪੁਰਾਣਾ ਖਜ਼ਾਨਾ ਸਮੁੰਦਰ ਕਿਨਾਰੇ ਪਏ ਕਬਾੜ ਹੋ ਚੁੱਕੇ ਜਹਾਜ਼ ਵਿਚ ਮਿਲਿਆ ਹੈ। ਸੈਂਟ ਲੁਸੀ ਦੇ ਰਹਿਣ ਵਾਲੇ 43 ਸਾਲਾ ਜੋਨਾ ਮਾਰਟੀਨੇਜ਼ ਨੇ ਆਪਣੇ ਦੋਸਤ ਦੇ ਨਾਲ ਇਹ ਇਤਿਹਾਸਿਕ ਖੋਜ ਕੀਤੀ ਹੈ। ਉਹਨਾਂ ਨੇ ਇੰਡੀਅਨ ਰਿਵਰ ਕਾਊਂਟੀ ਵਿਚ ਟਰਟਲ ਟ੍ਰੇਲ ਬੀਚ 'ਤੇ ਸਪੇਨਿਸ਼ ਸਿੱਕਿਆਂ ਦਾ ਖਜ਼ਾਨਾ ਲੱਭਿਆ ਹੈ।
ਟੀ.ਸੀ.ਪਾਮ ਡਾਟ ਕਾਮ (TCPalm.com) ਦੇ ਮੁਤਾਬਕ,'' ਕਬਾੜ ਤੋਂ ਨਿਕਲੇ 22 ਸਿੱਕੇ 305 ਸਾਲ ਪੁਰਾਣੇ ਹਨ, ਜਿਹਨਾਂ ਦੀ ਕੀਮਤ 7,000 ਡਾਲਰ ਮਤਲਬ 5,16,145 ਰੁਪਏ ਦੱਸੀ ਜਾ ਰਹੀ ਹੈ।'' ਜੋਨਾ ਮਾਰਟੀਨੇਜ਼ ਨੇ ਸਥਾਨਕ ਅਖਬਾਰ ਨੂੰ ਦੱਸਿਆ,''ਪਹਿਲਾਂ ਟਰਟਲ ਟ੍ਰੇਲ ਬੀਚ ਸਿਰਫ ਇਕ ਬੀਚ ਦੇ ਤੌਰ 'ਤੇ ਜਾਣਿਆ ਜਾਂਦਾ ਸੀ ਪਰ ਹੁਣ ਇਸ ਨੂੰ 'ਖਜ਼ਾਨੇ ਵਾਲਾ ਬੀਚ' ਕਿਹਾ ਜਾਵੇਗਾ।''
ਅਜਿਹਾ ਕਿਹਾ ਜਾਂਦਾ ਹੈ ਕਿ 31 ਜੁਲਾਈ 1715 ਨੂੰ 12 ਸਪੈਨਿਸ਼ ਜਹਾਜ਼ ਖਜ਼ਾਨੇ ਦੇ ਨਾਲ ਸਪੇਨ ਲਈ ਰਵਾਨਾ ਹੋਏ ਸਨ ਪਰ ਫਲੋਰੀਡਾ ਦੇ ਤੱਟ ਤੋਂ ਕੁਝ ਹੀ ਦੂਰੀ ਤੂਫਾਨ ਆਉਣ ਨਾਲ 11 ਜਹਾਜ਼ ਡੁੱਬ ਗਏ ਸਨ। ਅੱਜ ਵੀ ਜਹਾਜ਼ਾਂ ਦੇ ਖਜ਼ਾਨੇ ਦਾ ਵੱਡਾ ਹਿੱਸਾ ਸਮੁੰਦਰ ਹੇਠਾਂ ਦੱਬਿਆ ਹੋਇਆ ਹੈ।
ਮਾਰਟੀਨੇਜ਼ ਦਾ ਕਹਿਣਾ ਹੈ,''ਮੈਨੂੰ ਸਮੁੰਦਰੀ ਬੀਚ ਨੂੰ ਪੜ੍ਹਨਾ ਆਉਂਦਾ ਹੈ ਅਤੇ ਮੈਂ ਹਮੇਸ਼ਾ ਕੁਝ ਨਵੀਂ ਖੋਜ ਲਈ ਹਮੇਸ਼ਾ ਅੱਗੇ ਰਹਿੰਦਾ ਹਾਂ।''
ਉਹਨਾਂ ਨੇ ਅੱਗੇ ਕਿਹਾ,''ਸਾਡੇ ਮੈਟਲ ਡਿਟੈਕਟਰ ਨੇ ਕਈ ਵਾਰ ਵੱਡੀ ਖੋਜ ਕੀਤੀ ਹੈ। ਇਸ ਵਾਰ ਵੀ ਸਾਨੂੰ 1715 ਵਿਚ ਡੁੱਬੇ ਹੋਏ ਜਹਾਜ਼ ਦੇ ਕਬਾੜ ਤੋਂ 22 ਸਪੈਨਿਸ਼ ਸਿੱਕੇ ਮਿਲੇ ਹਨ।''
ਇੱਥੇ ਦੱਸ ਦਈਏ ਕਿ 24 ਸਾਲ ਦੇ ਖਜ਼ਾਨਾ ਲੱਭਣ ਦੇ ਕਰੀਅਰ ਵਿਚ ਮਾਰਟੀਨੇਜ਼ ਨੇ ਇਸ ਤੋ ਪਹਿਲਾਂ ਵੀ 6.5 ਮਿਲੀਅਨ ਡਾਲਰ ਦੀ ਕੀਮਤ ਦੇ ਸੋਨੇ ਦੀ ਖੋਜ ਕੀਤੀ ਹੈ। ਉਹ ਦੁਨੀਆ ਭਰ ਵਿਚ Treasure hunter ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ।
ਪੜ੍ਹੋ ਇਹ ਅਹਿਮ ਖਬਰ- 'ਮਹਾਰਾਜਾ ਰਣਜੀਤ ਸਿੰਘ ਹਨ ਦੁਨੀਆ ਦੇ ਹੁਣ ਤੱਕ ਦੇ ਸਭ ਤੋਂ ਮਹਾਨ ਨੇਤਾ'