ਯੂਕ੍ਰੇਨ ਮੁੱਦੇ ''ਤੇ ਅਮਰੀਕਾ ਨੇ ਭਾਰਤ ਤੋਂ ਮੰਗਿਆ ਸਮਰਥਨ

Friday, Jul 19, 2024 - 03:25 PM (IST)

ਯੂਕ੍ਰੇਨ ਮੁੱਦੇ ''ਤੇ ਅਮਰੀਕਾ ਨੇ ਭਾਰਤ ਤੋਂ ਮੰਗਿਆ ਸਮਰਥਨ

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਵਿਦੇਸ਼ ਵਿਭਾਗ ਨੇ ਵੱਖ-ਵੱਖ ਖੇਤਰਾਂ ਵਿਚ ਭਾਰਤ ਨਾਲ ਦੁਵੱਲੇ ਸਹਿਯੋਗ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਹੈ ਕਿ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਯੂਕ੍ਰੇਨ ਵਿਚ ਸਥਾਈ ਅਤੇ ਨਿਆਂਪੂਰਨ ਸ਼ਾਂਤੀ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰੇ। ਵਿਦੇਸ਼ ਮੰਤਰਾਲੇ ਦੇ ਪ੍ਰਮੁੱਖ ਉਪ ਬੁਲਾਰੇ ਵੇਦਾਂਤ ਪਟੇਲ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਸਕੋ 'ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਹਾਲ ਹੀ 'ਚ ਹੋਈਆਂ ਮੁਲਾਕਾਤਾਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਇਹ ਗੱਲਾਂ ਕਹੀਆਂ। ਉਨ੍ਹਾਂ ਕਿਹਾ,"ਭਾਰਤ ਕਈ ਅਹਿਮ ਖੇਤਰਾਂ ਵਿੱਚ ਸਾਡਾ ਭਾਈਵਾਲ ਹੈ ਅਤੇ ਇਹ ਪਿਛਲੀਆਂ ਗਰਮੀਆਂ ਵਿੱਚ ਸਪੱਸ਼ਟ ਤੌਰ 'ਤੇ ਪ੍ਰਦਰਸ਼ਿਤ ਕੀਤਾ ਗਿਆ ਸੀ, ਜਦੋਂ ਪ੍ਰਧਾਨ ਮੰਤਰੀ ਮੋਦੀ ਇੱਕ ਸਰਕਾਰੀ ਦੌਰੇ 'ਤੇ ਅਮਰੀਕਾ ਆਏ ਸਨ।" 

ਪਟੇਲ ਨੇ ਕਿਹਾ, "ਇਸ ਤੋਂ ਇਲਾਵਾ ਯੂਕ੍ਰੇਨ-ਰੂਸ ਵਿਚਾਲੇ ਜਾਰੀ ਸੰਘਰਸ਼ ਅਤੇ ਯੂਕ੍ਰੇਨ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ 'ਤੇ ਇਸ ਦੇ ਪ੍ਰਭਾਵ ਦੇ ਸੰਦਰਭ ਵਿੱਚ ਅਸੀਂ ਭਾਰਤ ਸਮੇਤ ਆਪਣੇ ਸਾਰੇ ਭਾਈਵਾਲਾਂ ਨੂੰ ਯੂਕ੍ਰੇਨ ਵਿੱਚ ਸਥਾਈ ਅਤੇ ਨਿਆਂਪੂਰਨ ਸ਼ਾਂਤੀ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਦੀ ਬੇਨਤੀ ਕਰਦੇ ਹਾਂ।" ਵਿਦੇਸ਼ ਮੰਤਰਾਲੇ ਨੇ ਰੂਸ ਨੂੰ ਯੂਕ੍ਰੇਨ ਦੇ ਪ੍ਰਭੂਸੱਤਾ ਸੰਪੰਨ ਖੇਤਰ ਤੋਂ ਆਪਣੀਆਂ ਫੌਜਾਂ ਵਾਪਸ ਬੁਲਾਉਣ ਲਈ ਕਿਹਾ। 

ਪੜ੍ਹੋ ਇਹ ਅਹਿਮ ਖ਼ਬਰ-ਐਕਸਪ੍ਰੈਸ ਐਂਟਰੀ ਦੇ ਡਰਾਅ 'ਚ 6300 ਉਮੀਦਵਾਰਾਂ ਨੂੰ PR ਦਾ ਸੱਦਾ

ਜ਼ਿਕਰਯੋਗ ਹੈ ਕਿ ਮੋਦੀ 22ਵੇਂ ਭਾਰਤ-ਰੂਸ ਸਾਲਾਨਾ ਸਿਖਰ ਸੰਮੇਲਨ ਲਈ 8-9 ਜੁਲਾਈ ਨੂੰ ਰੂਸ 'ਚ ਸਨ। ਯੂਕ੍ਰੇਨ 'ਚ ਚੱਲ ਰਹੇ ਟਕਰਾਅ ਦਰਮਿਆਨ ਪੱਛਮੀ ਦੇਸ਼ਾਂ ਦੀ ਇਸ ਸ਼ਿਖਰ ਸੰਮੇਲਨ 'ਤੇ ਨੇੜਿਓਂ ਨਜ਼ਰ ਸੀ। 2022 'ਚ ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਮੋਦੀ ਦੀ ਇਹ ਪਹਿਲੀ ਰੂਸ ਯਾਤਰਾ ਸੀ। 9 ਜੁਲਾਈ ਨੂੰ ਪੁਤਿਨ ਨਾਲ ਵਾਰਤਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਯੂਕ੍ਰੇਨ ਸੰਘਰਸ਼ ਦਾ ਹੱਲ ਜੰਗ ਦੇ ਮੈਦਾਨ ਵਿਚ ਸੰਭਵ ਨਹੀਂ ਹੈ ਅਤੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਬੰਬ ਤੇ ਗੋਲੀਆਂ ਵਿਚਾਲੇ ਸਫਲ ਨਹੀਂ ਹੁੰਦੀਆਂ। ਭਾਰਤ ਨੇ ਯੂਕ੍ਰੇਨ ਦੇ ਸੰਘਰਸ਼ ਦੇ ਬਾਵਜੂਦ ਰੂਸ ਨਾਲ ਆਪਣੇ ਸਬੰਧਾਂ ਦਾ ਮਜ਼ਬੂਤੀ ਨਾਲ ਬਚਾਅ ਕੀਤਾ ਹੈ। ਭਾਰਤ ਨੇ ਹੁਣ ਤੱਕ 2022 ਵਿੱਚ ਰੂਸ ਦੇ ਯੂਕ੍ਰੇਨ ਦੇ ਹਮਲੇ ਦੀ ਨਿੰਦਾ ਨਹੀਂ ਕੀਤੀ ਹੈ ਅਤੇ ਲਗਾਤਾਰ ਗੱਲਬਾਤ ਅਤੇ ਕੂਟਨੀਤੀ ਰਾਹੀਂ ਸੰਘਰਸ਼ ਦੇ ਹੱਲ ਦੀ ਵਕਾਲਤ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News