ਅਮਰੀਕਾ : ਪੰਜਾਬੀ ਟਰੱਕ ਡਰਾਈਵਰ ਨੇ ਗੱਡੀਆਂ ਨੂੰ ਮਾਰੀ ਜ਼ੋਰਦਾਰ ਟੱਕਰ, ਹੋਈ ਜੇਲ੍ਹ
Thursday, Sep 07, 2023 - 12:04 PM (IST)
ਐਰੀਜ਼ੋਨਾ (ਗੁਰਿੰਦਰਜੀਤ ਨੀਟਾ ਮਾਛੀਕੇ/ਰਾਜ ਗੋਗਨਾ ): ਅਮਰੀਕਾ ਦੀ ਐਰੀਜ਼ੋਨਾ ਸਟੇਟ ਦੇ ਪਾਰਕਰ ਸ਼ਹਿਰ ਵਿੱਚ ਭਿਆਨਕ ਐਕਸੀਡੈਂਟ ਕਰਨ ਕਰਕੇ ਪੰਜਾਬੀ ਟਰੱਕ ਡਰਾਈਵਰ ਨੂੰ ਸੈਕਿੰਡ ਡਿਗਰੀ ਮਰਡਰ ਚਾਰਜ ਲਗਾਕੇ ਜੇਲ੍ਹ ਭੇਜ ਦਿੱਤਾ ਗਿਆ। ਜਾਣਕਾਰੀ ਮੁਤਾਬਕ ਮੈਨਟੀਕਾ ਨਿਵਾਸੀ ਪੰਜਾਬੀ ਟਰੱਕ ਡਰਾਈਵਰ ਜਸਕਰਨ ਸਿੰਘ (28) ਜੋ ਕਿ ਪਾਰਕਰ ਸ਼ਹਿਰ ਵਿੱਚ ਬੜੀ ਤੇਜ਼ ਰਫਤਾਰ ਨਾਲ ਟਰੱਕ ਚਲਾ ਰਿਹਾ ਸੀ, ਨੇ ਲਾਲ ਬੱਤੀ 'ਤੇ ਖੜੀਆਂ ਗੱਡੀਆਂ ਵਿੱਚ ਟਰੱਕ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀਆਂ ਹਵਾ ਵਿੱਚ ਉੱਛਲਕੇ ਕੌਰਨਰ ਵਿੱਚ ਗੈਸ ਸਟੇਸ਼ਨ ਦੀ ਪਾਰਕਿੰਗ ਵਿੱਚ ਜਾ ਪਲਟੀਆਂ। ਪੁਲਸ ਮੁਤਾਬਕ ਇਹ ਘਟਨਾ ਐਤਵਾਰ ਦੁਪਹਿਰ 3:30 ਵਜੇ ਦੇ ਕਰੀਬ ਵਾਪਰੀ।
ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਾਲ ਆਈ ਕਿ ਕੈਲੀਫੋਰਨੀਆ ਐਵੇਨਿਊ 'ਤੇ ਚਾਰ ਕਾਰਾਂ ਅਤੇ ਇੱਕ ਸੈਮੀ ਟਰੱਕ ਦੀ ਭਿਆਨਕ ਟੱਕਰ ਹੋ ਗਈ ਹੈ। ਉਨ੍ਹਾਂ ਦੀ ਸ਼ੁਰੂਆਤੀ ਜਾਂਚ ਵਿੱਚ ਪਾਇਆ ਗਿਆ ਕਿ ਸੈਮੀ ਟਰੱਕ ਦਾ ਡਰਾਈਵਰ ਉੱਤਰ ਵੱਲ ਜਾ ਰਿਹਾ ਸੀ, ਜਦੋਂ ਉਹ ਲਾਲ ਬੱਤੀ 'ਤੇ ਰੁਕੇ ਤਿੰਨ ਵਾਹਨਾਂ ਨਾਲ ਟਕਰਾ ਗਿਆ। ਹਾਦਸੇ ਤੋਂ ਬਾਅਦ ਸਾਰੇ ਵਾਹਨ ਚੌਰਾਹੇ ਤੋਂ ਹੋਕੇ ਗੈਸ ਸਟੇਸ਼ਨ ਦੀ ਪਾਰਕਿੰਗ ਵਿੱਚ ਚਲੇ ਗਏ। ਟਰੱਕ ਅਤੇ ਇਕ ਹੋਰ ਕਾਰ ਇਮਾਰਤ ਨਾਲ ਟਕਰਾ ਗਈ ਅਤੇ ਇਸ ਵਿਚ ਅੱਗ ਲੱਗ ਗਈ, ਜਦੋਂ ਕਿ ਤੀਜਾ ਵਾਹਨ ਇਕ ਪੱਥਰ ਨਾਲ ਟਕਰਾ ਕੇ ਪਲਟ ਗਿਆ ਅਤੇ ਚੌਥਾ ਵਾਹਨ ਇਕ ਹੋਰ ਵਾਹਨ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ-ਆਸੀਆਨ ਕਾਨਫਰੰਸ 'ਚ ਬੋਲੇ PM ਮੋਦੀ, ਕਿਹਾ- '21ਵੀਂ ਸਦੀ ਏਸ਼ੀਆ ਤੇ ਸਾਡੇ ਸਾਰਿਆਂ ਦੀ ਸਦੀ'
ਪੁਲਸ ਦਾ ਕਹਿਣਾ ਹੈ ਕਿ ਕਮਰਸ਼ੀਅਲ ਵਾਹਨ ਦਾ ਡਰਾਈਵਰ ਜਸਕਰਨ ਸਿੰਘ ਵਾਸੀ ਮੈਨਟੀਕਾ ਹਾਦਸੇ ਵਾਲੀ ਥਾਂ ਤੋਂ ਫ਼ਰਾਰ ਹੋ ਗਿਆ ਅਤੇ ਬਾਅਦ ਵਿਚ ਉਸ ਨੂੰ ਹਾਦਸੇ ਵਾਲੀ ਥਾਂ ਦੇ ਨੇੜਿਆ ਹਿਰਾਸਤ ਵਿੱਚ ਲੈ ਲਿਆ ਗਿਆ। ਪਹਿਲਾਂ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਬਾਅਦ ਵਿੱਚ ਉਸ 'ਤੇ ਇਰਾਦਾ ਕਤਲ ਦਾ ਮੁਕੱਦਮਾ ਅਤੇ ਅੱਠ ਹੋਰ ਕੇਸ ਪਾਕੇ ਲਾ ਪਾਜ਼ ਕਾਉਂਟੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਪੁਲਸ ਨੂੰ ਸ਼ੱਕ ਹੈ ਕਿ ਹਾਦਸੇ ਸਮੇਂ ਸਿੰਘ ਕਿਸੇ ਨਸ਼ੇ ਕਾਰਨ ਜਾਂ ਕਿਸੇ ਹੋਰ ਕਾਰਨ ਨੀਂਦਰੇ ਦੀ ਹਾਲਤ ਵਿੱਚ ਟਰੱਕ ਚਲਾ ਰਿਹਾ ਸੀ। ਸਿੰਘ ਇੱਕ ਮਿਲੀਅਨ ਡਾਲਰ ਦੀ ਬੇਲ 'ਤੇ ਅੰਦਰ ਹੈ। ਬਾਕੀ ਪੁਲਸ ਬਰੀਕੀ ਨਾਲ ਐਕਸੀਡੈਂਟ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।