ਅਮਰੀਕੀ ਰਾਸ਼ਟਰਪਤੀ ਚੋਣਾਂ : ਰਾਮਾਸਵਾਮੀ ਨੇ ਆਪਣੀ ਦਾਅਵੇਦਾਰੀ ਵਾਪਸ ਲੈਣ ਦਾ ਕੀਤਾ ਐਲਾਨ
Tuesday, Jan 16, 2024 - 11:35 AM (IST)
 
            
            ਵਾਸ਼ਿੰਗਟਨ (ਭਾਸ਼ਾ) ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਆਪਣੀ ਦਾਅਵੇਦਾਰੀ ਛੱਡ ਦਿੱਤੀ ਹੈ। ਰਾਮਾਸਵਾਮੀ ਨੇ ਡੋਨਾਲਡ ਟਰੰਪ ਦਾ ਸਮਰਥਨ ਕਰਨ ਦੀ ਗੱਲ ਕੀਤੀ ਹੈ। ਵਿਵੇਕ ਰਾਮਾਸਵਾਮੀ ਨੇ ਸੋਮਵਾਰ ਨੂੰ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਹਟਣ ਦਾ ਐਲਾਨ ਕੀਤਾ। ਇਸ ਦੌਰਾਨ ਰਾਮਾਸਵਾਮੀ ਨੇ ਕਿਹਾ ਕਿ ਹੁਣ ਮੇਰੇ ਲਈ ਕੋਈ ਰਸਤਾ ਨਹੀਂ ਬਚਿਆ ਹੈ। ਦਰਅਸਲ 15 ਜਨਵਰੀ ਨੂੰ ਰਿਪਬਲਿਕਨ ਪਾਰਟੀ ਦੀ ਉਮੀਦਵਾਰੀ ਲਈ ਪਹਿਲੀ ਕਾਕਸ ਦਾ ਆਯੋਜਨ ਕੀਤਾ ਗਿਆ ਸੀ। ਇਹ ਕਾਕਸ ਆਇਓਵਾ ਵਿੱਚ ਹੋਇਆ ਸੀ ਅਤੇ ਡੋਨਾਲਡ ਟਰੰਪ ਨੇ ਇਸ ਵਿੱਚ ਜਿੱਤ ਪ੍ਰਾਪਤ ਕੀਤੀ ਸੀ।
ਇਹ ਤਿੰਨੇ ਲੋਕ ਹੁਣ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ
ਵਿਵੇਕ ਰਾਮਾਸਵਾਮੀ ਦੇ ਇਸ ਸਾਲ ਰਾਸ਼ਟਰਪਤੀ ਅਹੁਦੇ ਦੀ ਚੋਣ ਤੋਂ ਹਟਣ ਤੋਂ ਬਾਅਦ ਹੁਣ ਡੋਨਾਲਡ ਟਰੰਪ ਤੋਂ ਇਲਾਵਾ ਸਿਰਫ ਨਿੱਕੀ ਹੈਲੀ ਅਤੇ ਰੌਨ ਡੀਸੈਂਟਿਸ ਹੀ ਦੌੜ ਵਿਚ ਬਚੇ ਹਨ। ਵਿਵੇਕ ਰਾਮਾਸਵਾਮੀ ਇਨ੍ਹਾਂ ਤਿੰਨਾਂ ਤੋਂ ਪਛੜ ਰਹੇ ਸਨ ਅਤੇ ਹੁਣ ਆਇਓਵਾ ਕਾਕਸ ਦੇ ਨਤੀਜਿਆਂ ਵਿਚ ਪਛੜਨ ਤੋਂ ਬਾਅਦ ਵਿਵੇਕ ਰਾਮਾਸਵਾਮੀ ਨੇ ਆਪਣੀ ਉਮੀਦਵਾਰੀ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-'ਮਿਸ ਅਮਰੀਕਾ' ਬਣੀ ਏਅਰਫੋਰਸ ਦੀ ਮਹਿਲਾ ਸਿਪਾਹੀ (ਤਸਵੀਰਾਂ)
ਵਿਵੇਕ ਰਾਮਾਸਵਾਮੀ ਅਮਰੀਕੀ ਰਾਜਨੀਤਿਕ ਦ੍ਰਿਸ਼ ਵਿੱਚ ਇੱਕ ਅਣਜਾਣ ਚਿਹਰਾ ਸੀ, ਪਰ ਫਰਵਰੀ 2023 ਵਿੱਚ ਆਪਣੀ ਉਮੀਦਵਾਰੀ ਦਾ ਐਲਾਨ ਕਰਨ ਤੋਂ ਬਾਅਦ ਵਿਵੇਕ ਰਾਮਾਸਵਾਮੀ ਨੇ ਰਿਪਬਲਿਕਨ ਵੋਟਰਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਰਾਮਾਸਵਾਮੀ ਇਮੀਗ੍ਰੇਸ਼ਨ ਬਾਰੇ ਆਪਣੇ ਸਖ਼ਤ ਵਿਚਾਰਾਂ ਅਤੇ ਅਮਰੀਕਾ ਫਸਟ ਨੀਤੀ ਕਾਰਨ ਥੋੜ੍ਹੇ ਸਮੇਂ ਵਿੱਚ ਹੀ ਵੋਟਰਾਂ ਵਿੱਚ ਬਹੁਤ ਮਸ਼ਹੂਰ ਹੋ ਗਏ। ਹਾਲਾਂਕਿ ਹੁਣ ਰਾਮਾਸਵਾਮੀ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਬੁਰੀ ਤਰ੍ਹਾਂ ਪਛੜ ਰਹੇ ਸਨ। ਰਾਮਾਸਵਾਮੀ ਆਇਓਵਾ ਕਾਕਸ 'ਚ ਵੀ ਚੌਥੇ ਸਥਾਨ 'ਤੇ ਰਹੇ ਅਤੇ ਉਨ੍ਹਾਂ ਨੂੰ ਸਿਰਫ 7.7 ਫੀਸਦੀ ਵੋਟਾਂ ਮਿਲੀਆਂ।
ਟਰੰਪ ਨੇ ਰਾਮਾਸਵਾਮੀ ਦੀ ਕੀਤੀ ਸੀ ਆਲੋਚਨਾ
ਵਿਵੇਕ ਰਾਮਾਸਵਾਮੀ ਇੱਕ ਅਰਬਪਤੀ ਕਾਰੋਬਾਰੀ ਅਤੇ ਇੱਕ ਬਾਇਓਟੈਕ ਕੰਪਨੀ ਦੇ ਮੁਖੀ ਹਨ। ਰਾਮਾਸਵਾਮੀ ਦੇ ਮਾਤਾ-ਪਿਤਾ ਕੇਰਲ, ਭਾਰਤ ਦੇ ਵਸਨੀਕ ਸਨ, ਜੋ ਅਮਰੀਕਾ ਵਿੱਚ ਵਸ ਗਏ ਸਨ। ਰਾਮਾਸਵਾਮੀ ਦਾ ਜਨਮ ਅਮਰੀਕਾ ਦੇ ਓਹੀਓ ਰਾਜ ਵਿੱਚ ਹੋਇਆ ਸੀ। ਚੋਣ ਪ੍ਰਚਾਰ ਦੇ ਸ਼ੁਰੂਆਤੀ ਦੌਰ 'ਚ ਵਿਵੇਕ ਰਾਮਾਸਵਾਮੀ ਨੇ ਡੋਨਾਲਡ ਟਰੰਪ ਦੀ ਤਾਰੀਫ ਕੀਤੀ ਅਤੇ ਖੁਦ ਨੂੰ ਟਰੰਪ ਦੇ ਕਰੀਬ ਦਿਖਾਉਣ ਦੀ ਕੋਸ਼ਿਸ਼ ਕੀਤੀ। ਟਰੰਪ ਨੇ ਵੀ ਰਾਮਾਸਵਾਮੀ ਦਾ ਸਮਰਥਨ ਕੀਤਾ। ਹਾਲਾਂਕਿ ਪਿਛਲੇ ਦਿਨੀਂ ਰਾਮਾਸਵਾਮੀ ਦੀ ਪ੍ਰਚਾਰ ਟੀਮ ਵੱਲੋਂ ਡੋਨਾਲਡ ਟਰੰਪ ਖ਼ਿਲਾਫ਼ ਇੰਟਰਨੈੱਟ 'ਤੇ ਕਈ ਪੋਸਟਾਂ ਪਾਈਆਂ ਗਈਆਂ ਸਨ, ਜਿਸ ਕਾਰਨ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਟੀਮ ਨਾਰਾਜ਼ ਹੋ ਗਈ ਸੀ। ਇਸ ਤੋਂ ਬਾਅਦ ਟਰੰਪ ਨੇ ਵੀ ਰਾਮਾਸਵਾਮੀ ਨੂੰ ਪਾਖੰਡੀ ਦੱਸਦੇ ਹੋਏ ਉਨ੍ਹਾਂ ਦੀ ਤਿੱਖੀ ਆਲੋਚਨਾ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            