ਹੁਣ ਅਮਰੀਕਾ ਦੇ ਇਸ ਸ਼ਹਿਰ ਨੇ ਪਲਾਸਟਿਕ ਬੈਗ ਦੀ ਵਰਤੋਂ 'ਤੇ ਲਾਈ ਪਾਬੰਦੀ

Monday, Sep 16, 2019 - 11:20 AM (IST)

ਹੁਣ ਅਮਰੀਕਾ ਦੇ ਇਸ ਸ਼ਹਿਰ ਨੇ ਪਲਾਸਟਿਕ ਬੈਗ ਦੀ ਵਰਤੋਂ 'ਤੇ ਲਾਈ ਪਾਬੰਦੀ

ਵਾਸ਼ਿੰਗਟਨ (ਬਿਊਰੋ)— ਜਲਵਾਯੂ ਪ੍ਰਦੂਸਣ ਦੇ ਨਿਪਟਾਰੇ ਲਈ ਹਰੇਕ ਦੇਸ਼ ਆਪਣੇ ਪੱਧਰ 'ਤੇ ਮੁਹਿੰਮ ਚਲਾ ਰਿਹਾ ਹੈ। ਇਸੇ ਸਿਲਸਿਲੇ ਦੇ ਤਹਿਤ ਹੁਣ ਅਮਰੀਕਾ ਦੇ ਅਲਾਸਕਾ ਦੀ ਐਂਕੋਰੇਜ ਸਿਟੀ (Anchorage city) ਵਿਚ ਪਲਾਸਟਿਕ ਬੈਗਾਂ ਦੀ ਵਰਤੋਂ 'ਤੇ ਸਖਤ ਪਾਬੰਦੀ ਲਗਾਈ ਗਈ ਹੈ। ਇਸ ਸਬੰਧੀ ਐਲਾਨ ਸ਼ਹਿਰ ਦੀ ਅਧਿਕਾਰਕ ਵੈਬਸਾਈਟ 'ਤੇ ਕੀਤਾ ਗਿਆ। ਇਹ ਪਾਬੰਦੀ ਸ਼ਹਿਰ ਦੇ ਸਾਰੇ ਰੈਸਟੋਰੈਂਟ ਸਮੇਤ ਰਿਟੇਲ ਸਟੋਰਸ 'ਤੇ ਵੀ ਲਗਾਈ ਗਈ ਹੈ। ਐਂਕੋਰੇਜ ਸਿਟੀ ਦੇ ਨਗਰ ਨਿਗਮ ਵੱਲੋਂ ਐਤਵਾਰ ਨੂੰ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ,''ਵਪਾਰਕ ਗਤੀਵਿਧੀਆਂ ਵਿਚ ਵਰਤੇ ਜਾਣ ਵਾਲੇ ਬਾਇਓਡਿਗ੍ਰੇਬੇਲ ਪਲਾਸਟਿਕ ਬੈਗਾਂ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ ਕਿਉਂਕਿ ਇਹ ਸਾਡੇ ਜਲਵਾਯੂ ਵਿਚ ਚੰਗੇ ਤਰੀਕੇ ਨਾਲ ਖਤਮ ਨਹੀਂ ਹੁੰਦਾ।''

ਐਂਕੋਰੇਜ ਨਗਰ ਨਿਗਮ ਦੇ ਇਸ ਐਲਾਨ ਦੇ ਬਾਅਦ ਕਾਰੋਬਾਰੀਆਂ ਅਤੇ ਗਾਹਕ ਦੋਹਾਂ ਨੂੰ ਹੀ ਪਲਾਸਟਿਕ ਦੀ ਜਗ੍ਹਾ ਜੂਟ ਜਾਂ ਕੱਪੜੇ ਦੇ ਬਣੇ ਬੈਗ ਦੀ ਵਰਤੋਂ ਕਰਨੀ ਹੋਵੇਗੀ। ਦੁਕਾਨਾਂ ਜਾਂ ਹੋਰ ਸਟੋਰਾਂ 'ਤੇ ਹੁਣ ਪਲਾਸਟਿਕ ਦੇ ਵਿਕਲਪ ਦੇ ਤੌਰ 'ਤੇ ਕਾਗਜ਼ ਜਾਂ ਕਿਸੇ ਹੋਰ ਸਮੱਗਰੀ ਨਾਲ ਬਣੇ ਬੈਗ ਉਪਲਬਧ ਕਰਵਾਏ ਜਾਣਗੇ। ਇਨ੍ਹਾਂ ਬੈਗਾਂ ਦੀ ਕੀਮਤ ਸਿਰਫ 10 ਅਮਰੀਕੀ ਸੈਂਟ ਹੋਵੇਗੀ।ਪਾਬੰਦੀ ਦੇ ਤਹਿਤ ਰਿਟੇਲਰਸ ਜੋ ਸਿਟੀ ਕੋਡ ਦੀ ਪਹਿਲੀ ਵਾਰ ਉਲੰਘਣਾ ਕਰਨਗੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਜਾਵੇਗੀ, ਦੂਜੀ ਵਾਰ ਉਲੰਘਣਾ ਕਰਨ 'ਤੇ ਉਨ੍ਹਾਂ 'ਤੇ 250 ਡਾਲਰ ਦਾ ਜ਼ੁਰਮਾਨਾ ਲਗਾਇਆ ਜਾਵੇਗਾ ਅਤੇ ਤੀਜੀ ਵਾਰ 500 ਡਾਲਰ ਦਾ ਜ਼ੁਰਮਾਨਾ ਲਗਾਇਆ ਜਾਵੇਗਾ।

ਕੁਝ ਚੀਜ਼ਾਂ ਵਿਚ ਪਲਾਸਟਿਕ ਦੀ ਦੀ ਵਰਤੋਂ 'ਤੇ ਛੋਟ ਹੋਵੇਗੀ ਜਿਵੇਂ ਸਬਜੀਆਂ, ਬੇਕਰੀ ਦੇ ਸਮਾਨਾਂ, ਮੀਟ, ਮੱਛੀ ਜਾਂ ਫਰੋਜ਼ਨ ਫੂਡ। ਜ਼ਿਕਰਯੋਗ ਹੈ ਕਿ ਐਂਕੋਰੇਜ ਅਸੈਂਬਲੀ ਵਿਚ 28 ਅਗਸਤ, 2018 ਨੂੰ ਇਸ 'ਤੇ ਵੋਟਿੰਗ ਕਰਵਾਈ ਗਈ ਸੀ ਜੋ ਇਸ ਸਾਲ 1 ਮਾਰਚ ਤੋਂ ਪ੍ਰਭਾਵੀ ਹੋਣੀ ਸੀ। ਪਰ ਕੁਝ ਕੰਪਨੀਆਂ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਕਾਫੀ ਮਾਤਰਾ ਵਿਚ ਪਲਾਸਟਿਕ ਬੈਗ ਮੌਜੂਦ ਹਨ ਇਸ ਲਈ ਪਾਬੰਦੀ ਦੀ ਤਰੀਕ ਵਧਾ ਕੇ 15 ਸਤੰਬਰ ਤੱਕ ਕਰ ਦਿੱਤੀ ਗਈ।

ਗੌਰਤਲਬ ਹੈ ਕਿ ਭਾਰਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਹਾੜੇ ਦੇ ਮੌਕੇ ਸਿੰਗਲ ਟਾਈਮ ਯੂਜ਼ ਪਲਾਸਟਿਕ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦੀ ਗੱਲ ਕਹੀ ਸੀ। ਥਾਈਲੈਂਡ ਵਿਚ ਵੀ ਪਲਾਸਟਿਕ ਕਚਰੇ ਸਬੰਧੀ ਜਾਗਰੂਕ ਕਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 12 ਸਾਲਾ ਬੱਚੀ ਲਿਲੀ ਆਪਣਾ ਸਕੂਲ ਛੱਡ ਕੇ ਪਲਾਸਟਿਕ ਦੇ ਬੈਗ, ਬੋਤਲਾਂ ਅਤੇ ਕੇਨ ਨੂੰ ਬੈਂਕਾਕ ਦੀਆਂ ਸੜਕਾਂ ਤੋਂ ਹਟਾ ਰਹੀ ਹੈ।


author

Vandana

Content Editor

Related News