ਅੱਤਵਾਦ ਵਿਰੁੱਧ ਲੜਾਈ ''ਚ ਪਾਕਿਸਤਾਨ ਦੇ ਸਹਿਯੋਗ ਤੋਂ ਸੰਤੁਸ਼ਟ ਨਹੀਂ : ਅਮਰੀਕਾ

Sunday, Dec 03, 2017 - 05:33 PM (IST)

ਵਾਸ਼ਿੰਗਟਨ (ਏਜੰਸੀ)— ਅਮਰੀਕਾ ਦੀ ਦੱਖਣੀ ਏਸ਼ੀਆ ਰਣਨੀਤੀ ਤਹਿਤ ਅੱਤਵਾਦ ਵਿਰੁੱਧ ਜੰਗ ਵਿਚ ਪਾਕਿਸਤਾਨ ਦੇ ਸਹਿਯੋਗ ਤੋਂ ਅਮਰੀਕਾ ਸੰਤੁਸ਼ਟ ਨਹੀਂ ਹੈ। ਅਮਰੀਕਾ ਦਾ ਕਹਿਣਾ ਹੈ ਕਿ ਹੁਣ ਇਹ ਦੇਖਣਾ ਬਾਕੀ ਹੈ ਕਿ ਪਾਕਿਸਤਾਨ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਨੂੰ ਰੋਕਣ ਲਈ ਕੋਈ ਕਦਮ ਚੁੱਕ ਰਿਹਾ ਹੈ। ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਗੱਲ ਆਖੀ। 
ਮੁੰਬਈ ਅੱਤਵਾਦੀ ਹਮਲਿਆਂ ਦੇ ਦੋਸ਼ੀ ਹਾਫਿਜ਼ ਸਈਦ ਦੀ ਰਿਹਾਈ ਨੂੰ ਉਨ੍ਹਾਂ ਨੇ ਅੱਤਵਾਦ ਨਾਲ ਲੜਾਈ ਦੀ ਦਿਸ਼ਾ ਵਿਚ ਇਕ ਕਦਮ ਪਿੱਛੇ ਦੱਸਿਆ। ਅਧਿਕਾਰੀ ਨੇ ਕਿਹਾ ਕਿ 5 ਸਾਲ ਹੱਕਾਨੀ ਨੈੱਟਵਰਕ ਦੇ ਬੰਧਕ ਬਣੇ ਰਹੇ ਕੋਲਮੈਨ ਪਰਿਵਾਰ ਪਾਕਿਸਤਾਨ ਦੇ ਅੰਦਰੋਂ ਰਿਹਾਅ ਹੋਇਆ। ਅਕਤੂਬਰ ਮਹੀਨੇ ਵਿਚ ਅਮਰੀਕੀ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਪਾਕਿਸਤਾਨੀ ਫੌਜ ਨੇ ਕੋਲਮੈਨ, ਉਨ੍ਹਾਂ ਦੇ ਪਤੀ ਜੋਸ਼ੂਆ ਬਾਇਲ ਅਤੇ ਉਨ੍ਹਾਂ ਦੇ 3 ਬੱਚਿਆਂ ਨੂੰ ਰਿਹਾਅ ਕਰਵਾਇਆ ਸੀ। ਅਫਗਾਨ ਤਾਲਿਬਾਨ ਨਾਲ ਸੰਬੰਧਤ ਅੱਤਵਾਦੀਆਂ ਨੇ 5 ਸਾਲ ਪਹਿਲਾਂ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੀ ਕੁਰਮ ਘਾਟੀ ਤੋਂ ਇਨ੍ਹਾਂ ਸਾਰਿਆਂ ਨੂੰ ਅਗਵਾ ਕਰ ਲਿਆ ਸੀ। 
ਅਧਿਕਾਰੀ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਕੋਲਮੈਨ ਹੁਣ ਆਜ਼ਾਦ ਹੈ ਅਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਪਰ ਹੁਣ ਵੀ ਇਹ ਦੇਖਣਾ ਬਾਕੀ ਹੈ ਪਾਕਿਸਤਾਨ ਤਾਲਿਬਾਨ ਹੱਕਾਨੀ ਨੈੱਟਵਰਕ ਨੂੰ ਰੋਕਣ ਲਈ ਕਦਮ ਚੁੱਕ ਰਿਹਾ ਹੈ। ਇਸ ਸੰਦਰਭ ਵਿਚ ਉਨ੍ਹਾਂ ਨੇ ਜੋ ਕੁਝ ਵੀ ਕੀਤਾ ਹੈ, ਉਸ ਤੋਂ ਅਸੀਂ ਸੰਤੁਸ਼ਟ ਨਹੀਂ ਹਾਂ। ਅਧਿਕਾਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਪਾਕਿਸਤਾਨ ਨੂੰ ਲੈ ਕੇ ਅਮਰੀਕਾ ਦਾ ਹੁਣ ਵੱਖਰਾ ਦ੍ਰਿਸ਼ਟੀਕੋਣ ਹੈ। ਅਸੀਂ ਉਮੀਦ ਕਰਦੇ ਹਾਂ ਕਿ ਪਾਕਿਸਤਾਨ ਆਪਣੀ ਸਰਜਮੀਂ 'ਤੇ ਅੱਤਵਾਦੀ ਸ਼ਰਨਸਥਲੀ ਵਿਰੁੱਧ ਕਦਮ ਚੁੱਕੇਗਾ।


Related News