ਨਾਸਾ ਨੇ ਭਾਰਤ ਦੇ ਮਿਸ਼ਨ ਸ਼ਕਤੀ ਨੂੰ ਦੱਸਿਆ 'ਭਿਆਨਕ', ISS ਨੂੰ ਖਤਰਾ

04/02/2019 6:08:44 PM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਪੁਲਾੜ ਸੰਸਥਾ ਨੈਸ਼ਨਲ ਐਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਦੇ ਪ੍ਰਮੁੱਖ ਨੇ ਮੰਗਲਵਾਰ ਨੂੰ ਭਾਰਤ ਦੇ ਮਿਸ਼ਨ ਸ਼ਕਤੀ ਨੂੰ 'ਭਿਆਨਕ' ਦੱਸਿਆ। ਨਾਸਾ ਨੇ ਕਿਹਾ ਹੈ ਕਿ ਭਾਰਤ ਵੱਲੋਂ ਮਿਜ਼ਾਈਲ ਨਾਲ ਆਪਣੇ ਇਕ ਉਪਗ੍ਰਹਿ ਨੂੰ ਨਸ਼ਟ ਕਰਨ ਦੇ ਬਾਅਦ ਉਸ ਦੇ 400 ਟੁੱਕੜੇ ਮਲਬੇ ਦੇ ਰੂਪ ਵਿਚ ਪੁਲਾੜ ਵਿਚ ਤੈਰ ਰਹੇ ਹਨ। ਇਸ ਨਾਲ ਅੰਤਰਰਾਸ਼ਟਰੀ ਪੁਲਾੜ ਕੇਂਦਰ (ISS) 'ਤੇ ਖਤਰਾ ਪੈਦਾ ਹੋ ਗਿਆ ਹੈ। ਨਾਸਾ ਪ੍ਰਸ਼ਾਸਕ ਜਿਮ ਬ੍ਰਾਇਡੇਂਸਟਾਈਨ ਨੇ ਦੱਸਿਆ ਕਿ ਹਾਲੇ ਤੱਕ ਕਰੀਬ 60 ਟੁੱਕੜਿਆਂ ਦਾ ਪਤਾ ਲਗਾਇਆ ਗਿਆ ਹੈ ਅਤੇ ਇਨ੍ਹਾਂ ਵਿਚੋਂ 24 ਟੁੱਕੜੇ ਆਈ.ਐੱਸ.ਐੱਸ. ਦੇ ਸਿਖਰ ਬਿੰਦੂ ਤੋਂ ਦੂਰ ਹਨ। 

ਉਨ੍ਹਾਂ ਨੇ ਇੱਥੇ ਨਾਸਾ ਟਾਊਨਹਾਲ ਵਿਚ ਕਿਹਾ,''ਇਹ ਭਿਆਨਕ ਹੈ, ਮਲਬਾ ਅਤੇ ਸਿਖਰ ਬਿੰਦੂ ਤੱਕ ਟੁੱਕੜੇ ਭੇਜਣ ਦੀ ਘਟਨਾ ਭਿਆਨਕ ਗੱਲ ਹੈ। ਭਵਿੱਖ ਵਿਚ ਮਨੁੱਖ ਪੁਲਾੜ ਮਿਸ਼ਨ ਲਈ ਇਸ ਤਰ੍ਹਾਂ ਦੀ ਗਤੀਵਿਧੀ ਅਨੁਕੂਲ ਨਹੀਂ ਹੈ।'' ਉਨ੍ਹਾਂ ਨੇ ਕਿਹਾ,''ਭਾਰਤ ਵੱਲੋਂ ਬੀਤੇ ਹਫਤੇ ਕੀਤੇ ਗਏ ਏਸੈਟ ਪਰੀਖਣ ਤੋਂ ਪੰਧ ਵਿਚ ਕਰੀਬ 400 ਟੁੱਕੜਿਆਂ ਦਾ ਮਲਬਾ ਫੈਲ ਗਿਆ।'' ਬ੍ਰਾਇਡੇਂਸਟਾਈਨ ਨੇ ਕਿਹਾ ਕਿ ਸਾਰੇ ਟੁੱਕੜੇ ਇੰਨੇ ਵੱਡੇ ਨਹੀਂ ਹਨ ਕਿ ਉਨ੍ਹਾਂ ਦਾ ਪਤਾ ਲਗਾਇਆ ਜਾ ਸਕੇ। ਨਾਸਾ ਹਾਲੇ 10 ਸੈਂਟੀਮੀਟਰ ਜਾਂ ਉਸ ਤੋਂ ਵੱਡੇ ਟੁੱਕੜਿਆਂ ਦਾ ਹੀ ਪਤਾ ਲਗਾ ਰਿਹਾ ਹੈ। ਉਨ੍ਹਾਂ ਨੇ ਕਿਹਾ,''ਹਾਲੇ ਤੱਕ ਕਰੀਬ 60 ਟੁੱਕੜਿਆਂ ਦਾ ਪਤਾ ਚੱਲਿਆ ਹੈ ਜਿਨ੍ਹਾਂ ਵਿਚੋਂ 24 ਅੰਤਰਰਾਸ਼ਟਰੀ ਪੁਲਾੜ ਕੇਂਦਰ ਲਈ ਖਤਰਾ ਪੈਦਾ ਕਰ ਰਹੇ ਹਨ।'' ਬ੍ਰਾਇਡੇਂਸਟਾਈਨ ਨੇ ਇਹ ਗੱਲ ਨਾਸਾ ਦੇ ਕਰਮਚਾਰੀਆਂ ਨੂੰ ਸੰਬੋਧਿਤ ਕਰਦਿਆਂ ਕਹੀ।

ਬ੍ਰਾਇਡੇਂਸਟਾਈਨ ਟਰੰਪ ਪ੍ਰਸ਼ਾਸਨ ਦੇ ਪਹਿਲੇ ਉੱਚ ਅਧਿਕਾਰੀ ਹਨ ਜੋ ਭਾਰਤ ਦੇ ਏਸੈਟ ਪਰੀਖਣ ਵਿਰੁੱਧ ਜਨਤਕ ਰੂਪ ਨਾਲ ਸਾਹਮਣੇ ਆਏ ਹਨ। ਉਨ੍ਹਾਂ ਨੂੰ ਡਰ ਹੈ ਕਿ ਭਾਰਤ ਦੇ ਏਸੈਟ ਪਰੀਖਣ ਨਾਲ ਦੂਜੇ ਦੇਸ਼ਾਂ ਵੱਲੋਂ ਅਜਿਹੀਆਂ ਹੀ ਗਤੀਵਿਧੀਆਂ ਦੇ ਪ੍ਰਸਾਰ ਦਾ ਖਤਰਾ ਪੈਦਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ,''ਜਦੋਂ ਇਕ ਦੇਸ਼ ਅਜਿਹਾ ਕਰਦਾ ਹੈ ਤਾਂ ਦੂਜੇ ਦੇਸ਼ਾਂ ਨੂੰ ਵੀ ਲੱਗਦਾ ਹੈ ਕਿ ਉਨ੍ਹਾਂ ਨੂੰ ਵੀ ਅਜਿਹਾ ਕਰਨਾ ਚਾਹੀਦਾ ਹੈ। ਇਹ ਨਾ ਮੰਨਣਯੋਗ ਹੈ। ਨਾਸਾ ਨੂੰ ਇਸ ਬਾਰੇ ਵਿਚ ਸਪਸ਼ੱਟ ਰਵੱਈਆ ਰੱਖਣ ਦੀ ਲੋੜ ਹੈ ਇਸ ਦਾ ਸਾਡੇ 'ਤੇ ਕੀ ਅਸਰ ਪੈਂਦਾ ਹੈ।'' 

ਨਾਸਾ ਪ੍ਰਸ਼ਾਸਕ ਨੇ ਕਿਹਾ ਕਿ ਏਸੈਟ ਪਰੀਖਣ ਨਾਲ ਬੀਤੇ 10 ਦਿਨਾਂ ਵਿਚ ਅੰਤਰਰਾਸ਼ਟਰੀ ਪੁਲਾੜ ਕੇਂਦਰ ਦੇ ਛੋਟੇ ਕਣ ਵਾਲੇ ਮਲਬੇ ਤੋਂ ਖਤਰਾ 44 ਫੀਸਦੀ ਤੱਕ ਵੱਧ ਗਿਆ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੁਲਾੜ ਯਾਤਰੀ ਹਾਲੇ ਵੀ ਸੁਰੱਖਿਅਤ ਹਨ। ਉਨ੍ਹਾਂ ਨੇ ਕਿਹਾ,''ਭਾਵੇਂਕਿ ਚੰਗੀ ਗੱਲ ਇਹ ਹੈ ਕਿ ਇਹ ਧਰਤੀ ਦੇ ਪੰਧ ਤੋਂ ਕਾਫੀ ਹੇਠਾਂ ਸੀ ਜਿਸ ਨਾਲ ਸਮੇਂ ਦੇ ਨਾਲ ਇਹ ਸਾਰੇ ਟੁੱਕੜੇ ਨਸ਼ਟ ਹੋ ਜਾਣਗੇ।'' ਉਨ੍ਹਾਂ ਨੇ ਕਿਹਾ ਕਿ ਚੀਨ ਵੱਲੋਂ ਸਾਲ 2007 ਵਿਚ ਕੀਤੇ ਗਏ ਉਪਗ੍ਰਹਿ ਵਿਰੋਧੀ ਪਰੀਖਣ ਦਾ ਕਾਫੀ ਮਲਬਾ ਹਾਲੇ ਵੀ ਪੁਲਾੜ ਵਿਚ ਮੌਜੂਦ ਹੈ ਅਤੇ ਅਸੀਂ ਹਾਲੇ ਵੀ ਇਸ ਨਾਲ ਜੂਝ ਰਹੇ ਹਾਂ। ਬ੍ਰਾਇਡੇਂਸਟਾਈਨ ਮੁਤਾਬਕ ਅਮਰੀਕਾ ਪੰਧ ਵਿਚ ਮਲਬੇ ਦੇ 10 ਸੈਂਟੀਮੀਟਰ ਜਾਂ ਉਸ ਤੋਂ ਵੱਡੇ ਕਰੀਬ 23,000 ਟੁੱਕੜਿਆਂ ਦਾ ਪਤਾ ਲਗਾ ਰਿਹਾ ਹੈ।


Vandana

Content Editor

Related News