ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਤੋਂ ਬਾਅਦ ਅਮਰੀਕਾ ਨੇ ਲਗਾਈਆਂ ਹੋਰ ਪਾਬੰਦੀਆਂ

03/12/2022 4:22:46 PM

ਸਿਓਲ (ਭਾਸ਼ਾ)- ਉੱਤਰੀ ਕੋਰੀਆ ਵੱਲੋਂ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਦੇ ਹਿੱਸੇ ਵਜੋਂ ਦੋ ਪ੍ਰੀਖਣ ਕੀਤੇ ਜਾਣ ਤੋਂ ਬਾਅਦ ਅਮਰੀਕਾ ਦੇ ਵਿੱਤ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਹੋਰ ਪਾਬੰਦੀਆਂ ਦਾ ਐਲਾਨ ਕੀਤਾ। ਵਿੱਤ ਮੰਤਰਾਲਾ ਨੇ 4 ਮਾਰਚ ਨੂੰ ਕੀਤੇ ਗਏ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਨੂੰ ਰੇਖਾਂਕਿਤ ਕਰਦੇ ਹੋਏ, ਤਿੰਨ ਰੂਸੀ ਸੰਸਥਾਵਾਂ ਨੂੰ ਇਸ ਵਿਚ ਮਦਦ ਕਰਨ ਦੇ ਦੋਸ਼ ਵਿਚ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ। ਇਹ ਕੰਪਨੀਆਂ ਹਨ- ਅਪੋਲਨ, ਜਿਲ-ਐਮ ਅਤੇ ਆਰਕੇ ਬ੍ਰਿਜ। ਇਨ੍ਹਾਂ ਕੰਪਨੀਆਂ ਨਾਲ ਜੁੜੇ ਦੋ ਲੋਕਾਂ 'ਤੇ ਵੀ ਪਾਬੰਦੀ ਲਗਾਈ ਗਈ ਹੈ।

ਇਨ੍ਹਾਂ ਪਾਬੰਦੀਆਂ ਕਾਰਨ ਇਹ ਕੰਪਨੀਆਂ ਅਮਰੀਕਾ ਵਿਚ ਆਪਣੀ ਜਾਇਦਾਦ ਦੀ ਵਰਤੋਂ ਨਹੀਂ ਕਰ ਸਕਣਗੀਆਂ, ਜਦੋਂ ਕਿ ਅਪੋਲਨ ਦੇ ਡਾਇਰੈਕਟਰ ਅਲੈਗਜ਼ੈਂਡਰ ਐਂਡਰੀਵਿਚ ਗਯਾਨੋਵ ਅਤੇ ਜਿਲ-ਐਮ ਦੇ ਡਾਇਰੈਕਟਰ ਅਲੈਗਜ਼ੈਂਡਰ ਅਲੈਗਜ਼ੈਂਡਰੋਵਿਚ ਚਾਸੋਵਨੀਕੋਵ ਨੂੰ ਵੀ ਇਨ੍ਹਾਂ ਪਾਬੰਦੀਆਂ ਦੇ ਘੇਰੇ ਵਿਚ ਲਿਆਂਦਾ ਗਿਆ ਹੈ। ਉਥੇ ਹੀ ਇਕ ਵੱਖਰੇ ਬਿਆਨ ਵਿਚ ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲਾ ਨੇ ਕਿਹਾ ਕਿ ਉਸ ਨੂੰ ਸੰਕੇਤ ਮਿਲੇ ਹਨ ਕਿ ਉੱਤਰੀ ਕੋਰੀਆ ਪ੍ਰਮਾਣੂ ਪ੍ਰੀਖਣ ਸਥਾਨ ਦੀਆਂ ਪੁਰਾਣੀਆਂ ਸੁਰੰਗਾਂ ਦੀ ਮੁਰੰਮਤ ਕਰ ਰਿਹਾ ਹੈ।

ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਵਿਚਕਾਰ 2018 ਵਿਚ ਹੋਈ ਪਹਿਲੀ ਵਾਰਤਾ ਤੋਂ ਕਈ ਮਹੀਨੇ ਪਹਿਲਾਂ ਇਨ੍ਹਾਂ ਸੁਰੰਗਾਂ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਹਾਲਾਂਕਿ ਮੰਤਰਾਲਾ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕੀ ਉੱਤਰੀ ਕੋਰੀਆ ਇਨ੍ਹਾਂ ਸੁਰੰਗਾਂ ਦੀ ਮੁਰੰਮਤ ਪਰਮਾਣੂ ਪ੍ਰੀਖਣਾਂ ਲਈ ਕਰ ਰਿਹਾ ਹੈ ਜਾਂ ਨਹੀਂ।


cherry

Content Editor

Related News