ਰੂਸੀ, ਉੱਤਰੀ ਅਮਰੀਕੀ ਪੁਲਾੜ ਯਾਤਰੀ ਧਰਤੀ ''ਤੇ ਪਰਤੇ
Tuesday, Jun 25, 2019 - 01:33 PM (IST)

ਵਾਸ਼ਿੰਗਟਨ (ਭਾਸ਼ਾ)— ਲਾਂਚ ਦੌਰਾਨ ਹਾਲ ਹੀ ਵਿਚ ਹੋਏ ਹਾਦਸੇ ਦੇ ਬਾਅਦ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਪਹਿਲਾ ਚਾਲਕ ਦਲ ਮੰਗਲਵਾਰ ਨੂੰ ਧਰਤੀ 'ਤੇ ਪਰਤ ਆਇਆ। ਹਾਦਸੇ ਦੇ ਬਾਅਦ ਰੂਸੀ ਪੁਲਾੜ ਪ੍ਰੋਗਰਾਮ ਦੀ ਵਾਪਸੀ ਨੂੰ ਲੈ ਕੇ ਸ਼ੱਕ ਬਣਿਆ ਹੋਇਆ ਸੀ। ਨਾਸਾ ਦੇ ਪੁਲਾੜ ਯਾਤਰੀ ਐਨੀ ਮੈਕਲੇਨ, ਰੌਸਕੌਸਮੋਸ ਦੇ ਓਲੇਗ ਕੋਨੋਨੇਰਕੋ ਅਤੇ ਕੈਨੇਡਾ ਪੁਲਾੜ ਏਜੰਸੀ ਦੇ ਰਿਕਾਰਡ ਹੋਲਡਰ ਡੇਵਿਡ ਸੈਂਟ-ਜੈਕਸ ਅੰਤਰਰਾਸ਼ਟਰੀ ਸਮੇਂ ਮੁਤਾਬਕ ਦੇਰ ਰਾਤ 2:47 'ਤੇ ਕਜ਼ਾਖਿਸਤਾਨ ਪਹੁੰਚੇ।
ਨਾਸਾ ਟੀਵੀ 'ਤੇ ਇਨ੍ਹਾਂ ਦੇ ਉਤਰਨ ਦਾ ਲਾਈਵ ਪ੍ਰਸਾਰਣ ਕੀਤਾ ਗਿਆ। ਜਿਸ ਵਿਚ ਤਿੰਨੇ ਕੁਰਸੀ 'ਤੇ ਬੈਠੇ ਦਿੱਸ ਰਹੇ ਸਨ। ਓਲੇਗ ਕੋਨੋਨੇਰਕੋ ਨੇ ਇੱਥੇ ਪਹੁੰਚਣ ਦੇ ਬਾਅਦ ਮਜ਼ਾਕੀਆ ਅੰਦਾਜ ਵਿਚ ਕਿਹਾ ਕਿ ਸਪੇਸ ਤੋਂ ਪਰਤਨ ਦੇ ਬਾਅਦ ਹੁਣ ਉਹ ਕਿਸੇ ਵੀ ਤਰ੍ਹਾਂ ਦੇ ਮੌਸਮ ਦਾ ਸਾਹਮਣਾ ਕਰਨ ਲਈ ਤਿਆਰ ਹਨ। ਫਿਲਹਾਲ ਕਜ਼ਾਖਿਸਤਾਨ ਵਿਚ ਮੌਸਮ ਗਰਮ ਹੈ।
ਅਕਤੂਬਰ ਵਿਚ ਰੂਸ ਦੇ ਏਲੈਕਸੇ ਓਵਚਿਨਿਨ ਅਤੇ ਅਮਰੀਕੀ ਪੁਲਾੜ ਯਾਤਰੀ ਨਿਕ ਹੇਗ ਨੂੰ ਲਿਜਾ ਰਹੇ ਸੋਯੁਜ ਰਾਕੇਟ ਵਿਚ ਲਾਂਚ ਦੇ ਕੁਝ ਮਿੰਟਾਂ ਬਾਅਦ ਹੀ ਗੜਬੜੀ ਆਉਣ ਕਾਰਨ ਉਨ੍ਹਾਂ ਨੂੰ ਐਮਰਜੈਂਸੀ ਸਥਿਤੀ ਵਿਚ ਉਤਾਰਨਾ ਪਿਆ ਸੀ। ਇਸ ਮਗਰੋਂ 3 ਦਸੰਬਰ ਨੂੰ ਪਹਿਲੀ ਵਾਰ ਤਿੰਨ ਯਾਤਰੀਆਂ ਨੂੰ ਸਪੇਸ ਵਿਚ ਭੇਜਿਆ ਗਿਆ। ਸੋਯੁਜ ਰਾਕੇਟ ਵਿਚ ਆਈ ਗੜਬੜੀ ਵਿਚ ਕੋਈ ਜ਼ਖਮੀ ਨਹੀਂ ਹੋਇਆ ਸੀ ਅਤੇ ਸੋਵੀਅਤ ਯੂਨੀਅਨ ਦੇ ਦੌਰ ਦੇ ਬਾਅਦ ਇਹ ਰੂਸੀ ਪੁਲਾੜ ਮੁਹਿੰਮ ਨਾਲ ਸਬੰਧਤ ਪਹਿਲਾ ਹਾਦਸਾ ਸੀ।