ਭਾਰਤੀ-ਅਮਰੀਕੀ ਅਨਿਲ ਰਾਜ ਦੀ ਕਾਬੁਲ ਅੱਤਵਾਦੀ ਹਮਲੇ 'ਚ ਮੌਤ

Wednesday, Nov 27, 2019 - 02:35 PM (IST)

ਭਾਰਤੀ-ਅਮਰੀਕੀ ਅਨਿਲ ਰਾਜ ਦੀ ਕਾਬੁਲ ਅੱਤਵਾਦੀ ਹਮਲੇ 'ਚ ਮੌਤ

ਵਾਸ਼ਿੰਗਟਨ (ਬਿਊਰੋ): ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਨਿਲ ਰਾਜ ਦੀ ਕਾਬੁਲ ਵਿਚ ਹੋਏ ਅੱਤਵਾਦੀ ਹਮਲੇ ਵਿਚ ਮੌਤ ਦੀ ਖਬਰ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਮੰਗਲਵਾਰ ਨੂੰ ਇਸ ਖਬਰ ਦੀ ਪੁਸ਼ਟੀ ਕੀਤੀ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ 24 ਨਵੰਬਰ ਨੂੰ ਅੱਤਵਾਦੀ ਹਮਲਾ ਹੋਇਆ ਸੀ ਜਿਸ ਵਿਚ ਯੂਨਾਈਟਿਡ ਨੇਸ਼ਨਜ਼ (UN) ਦੀ ਇਕ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਮਾਈਕ ਪੋਂਪਿਓ ਨੇ ਮੀਡੀਆ ਨੂੰ ਦੱਸਿਆ,''ਬਹੁਤ ਹੀ ਭਾਰੀ ਮਨ ਨਾਲ ਦੱਸਣਾ ਪੈ ਰਿਹਾ ਹੈ ਕਿ ਅਮਰੀਕੀ ਨਾਗਰਿਕ, ਕੈਲੀਫੋਰਨੀਆ ਦੇ ਅਨਿਲ ਰਾਜ ਦੀ 24 ਨਵੰਬਰ ਨੂੰ ਕਾਬੁਲ ਵਿਚ ਯੂ.ਐੱਨ. ਦੀ ਗੱਡੀ 'ਤੇ ਹੋਏ ਅੱਤਵਾਦੀ ਹਮਲੇ ਵਿਚ ਮੌਤ ਹੋ ਗਈ ਹੈ।'' 

ਪੋਂਪਿਓ ਨੇ ਇਸ ਦੇ ਨਾਲ ਹੀ ਅਨਿਲ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਇਸ ਦੇ ਇਲਾਵਾ ਹਮਲੇ ਵਿਚ ਜ਼ਖਮੀ ਹੋਏ ਲੋਕਾਂ ਦੇ ਜਲਦੀ ਸਿਹਤਮੰਦ ਹੋਣ ਦੀ ਪ੍ਰਾਰਥਨਾ ਕੀਤੀ। ਪੋਂਪਿਓ ਨੇ ਅੱਗੇ ਕਿਹਾ,''ਅਫਗਾਨ ਦੇ ਲੋਕਾਂ ਦੀ ਮਦਦ ਕਰਨ ਵਾਲੇ ਯੂ.ਐੱਨ. ਕਰਮਚਾਰੀ ਨੂੰ ਨਿਸ਼ਾਨ ਬਣਾਉਣ ਵਾਲੇ ਹਮਲੇ ਸਾਡੀ ਸਮਝ ਤੋਂ ਪਰੇ ਹਨ। ਅਸੀਂ ਇਸ ਦੀ ਸਖਤ ਨਿੰਦਾ ਕਰਦੇ ਹਾਂ।'' ਵਿਦੇਸ਼ ਵਿਭਾਗ ਵੱਲੋਂ ਅਨਿਲ ਰਾਜ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ। ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਵੀ ਸੰਗਠਨ ਨੇ ਨਹੀਂ ਲਈ ਹੈ ਪਰ ਜਿਹੜੀ ਜਗ੍ਹਾ 'ਤੇ ਹਮਲਾ ਹੋਇਆ ਉੱਥੇ ਤਾਲਿਬਾਨ ਅਤੇ ਇਸਲਾਮਿਕ ਸਟੇਟ ਦੋਵੇਂ ਹੀ ਸਰਗਰਮ ਹਨ।


author

Vandana

Content Editor

Related News