ਤਕਨੀਕ ਦੀ ਮਦਦ ਨਾਲ ਅਪਾਹਜ਼ ਸ਼ਖਸ ਨੇ 6 ਸਾਲ ਬਾਅਦ ਖੁਦ ਖਾਧਾ ਭੋਜਨ
Tuesday, Mar 10, 2020 - 03:20 PM (IST)
ਵਾਸ਼ਿੰਗਟਨ/ਬਰਲਿਨ (ਬਿਊਰੋ): ਦੁਨੀਆਭਰ ਵਿਚ ਤਕਨੀਕ ਦੀ ਮਦਦ ਨਾਲ ਹਰ ਸਮੱਸਿਆ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਕੋਸ਼ਿਸ਼ ਦੇ ਤਹਿਤ ਸੜਕ ਹਾਦਸੇ ਵਿਚ ਪੂਰੀ ਤਰ੍ਹਾਂ ਅਪਾਹਜ਼ ਹੋ ਚੁੱਕੇ ਇਕ ਨੌਜਵਾਨ ਨੂੰ ਤਕਨੀਕ ਦੀ ਮਦਦ ਨਾਲ ਨਵੀਂ ਜ਼ਿੰਦਗੀ ਮਿਲਣ ਦੀ ਆਸ ਵਧੀ ਹੈ। ਜਰਮਨੀ ਦਾ ਰਹਿਣ ਵਾਲਾ ਅਲਦਾਨਾ (16) ਸੜਕ ਹਾਦਸੇ ਵਿਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਗਲੇ ਦੇ ਹੇਠੋਂ ਉਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ। 5 ਸਾਲ ਤੱਕ ਉਹ ਸਿਰਫ ਆਪਣੀ ਗਰਦਨ ਅਤੇ ਹੱਥ ਨੂੰ ਹੀ ਥੋੜ੍ਹਾ ਬਹੁਤ ਹਿਲਾ ਪਾਉਂਦਾ ਸੀ। 21 ਸਾਲ ਦਾ ਹੋਣ 'ਤੇ ਅਲਦਾਨਾ ਨੇ ਖੁਦ ਨੂੰ ਯੂਨੀਵਰਸਿਟੀ ਆਫ ਮਿਯਾਮੀ ਦੇ ਰਿਸਰਚ ਪ੍ਰਾਜੈਕਟ ਲਈ ਸੌਂਪ ਦਿੱਤਾ।
ਵਿਗਿਆਨੀਆਂ ਅਤੇ ਡਾਕਟਰਾਂ ਨੇ ਲਗਾਇਆ ਇਲੈਕਟ੍ਰੋਡ
ਸ਼ੋਧ ਕਰਤਾਵਾਂ ਨੇ ਮਿਯਾਮੀ ਪ੍ਰਾਜੈਕਟ ਦੇ ਤਹਿਤ ਅਲਦਾਨਾ ਦੀ ਤਕਲੀਫ ਦਾ ਵਿਸ਼ਲੇਸ਼ਣ ਕੀਤਾ। ਇਸ ਦੇ ਬਾਅਦ ਵਿਗਿਆਨੀਆਂ ਅਤੇ ਡਾਕਟਰਾਂ ਨੇ ਉਸ ਦੀ ਖੋਪੜੀ ਖੋਲ੍ਹੀ ਤੇ ਦਿਮਾਗ ਦੀ ਸਤਹਿ 'ਤੇ ਇਲੈਕਟ੍ਰੋਡ ਲਗਾ ਦਿੱਤਾ। ਇਸ ਦੇ ਬਾਅਦ ਲੈਬ ਵਿਚ ਕੰਪਿਊਟਰ ਨੂੰ ਇੰਝ ਸਿਖਲਾਈ ਦਿੱਤੀ ਗਈ ਕਿ ਉਹ ਇਲੈਕਟ੍ਰੋਡ ਨੂੰ ਮਿਲਣ ਵਾਲੇ ਸਿਗਨਲਾਂ ਨੂੰ ਪਛਾਣ ਸਕੇ। ਹੁਣ ਅਲਦਾਨਾ ਜਦੋਂ ਆਪਣੇ ਹੱਥਾਂ ਨੂੰ ਖੋਲ੍ਹਣ ਬਾਰੇ ਸੋਚਦਾ ਹੈ ਤਾਂ ਉਸ ਦੇ ਦਿਮਾਗ ਵਿਚ ਲੱਗਾ ਇਲੈਕਟ੍ਰੋਡ ਕੰਪਿਊਟਰ ਪ੍ਰੋਗਰਾਮ ਦੀ ਮਦਦ ਨਾਲ ਪ੍ਰੋਸਥੇਟਿਕ ਅਤੇ ਮਾਂਸਪੇਸ਼ੀਆਂ ਨੂੰ ਭੇਜਦਾ ਹੈ।ਇਸ ਪ੍ਰਕਿਰਿਆਆ ਦੀ ਮਦਦ ਨਾਲ ਅਲਦਾਨਾ ਆਪਣੇ ਹੱਥਾਂ ਨੂੰ ਹਿਲਾਉਣ ਦੇ ਨਾਲ-ਨਾਲ ਖੋਲ੍ਹ ਅਤੇ ਬੰਦ ਕਰ ਸਕਦਾ ਹੈ।
ਨਵੀਂ ਜ਼ਿੰਦਗੀ ਮਿਲਣ ਦੀ ਆਸ
ਆਪਰੇਸ਼ਨ ਦੇ ਇਕ ਸਾਲ ਬਾਅਦ ਅਲਦਾਨਾ ਹੁਣ ਹੱਥਾਂ ਨਾਲ ਹਲਕੀਆਂ ਚੀਜ਼ਾਂ ਚੁੱਕ ਲੈਂਦਾ ਹੈ। 6 ਸਾਲ ਬਾਅਦ ਉਸ ਨੇ ਚਮਚ ਨਾਲ ਖੁਣ ਖਾਣਾ ਖਾਧਾ। ਹੁਣ ਅਲਦਾਨਾ ਪੈੱਨ ਜਾਂ ਸਕੈਚ ਵੀ ਫੜ ਲੈਂਦਾ ਹੈ ਅਤੇ ਕੁਝ ਸ਼ਬਦ ਵੀ ਲਿਖ ਲੈਂਦਾ ਹੈ। ਉਹ ਟ੍ਰੇਡਮਿਲ 'ਤੇ ਆਪਣੇ ਪੈਰਾਂ ਨੂੰ ਚਲਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਸੱਜੇ ਹੱਥ ਦੀ ਉਂਗਲੀ ਨਾਲ ਟ੍ਰੇਡਮਿਲ ਨੂੰ ਕੰਟਰੋਲ ਕਰਦਾ ਹੈ। ਵਿਗਿਆਨੀਆਂ ਨੂੰ ਆਸ ਹੈ ਕਿ ਇਸ ਤਕਨੀਕ ਦੇ ਪੂਰੀ ਤਰ੍ਹਾਂ ਸਫਲ ਹੋਣ ਦੇ ਬਾਅਦ ਦੁਨੀਆਭਰ ਵਿਚ ਅਪਾਹਜ਼ਤਾ ਦੇ ਸ਼ਿਕਾਰ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲ ਸਕਦੀ ਹੈ।
ਹਰਕਤ ਲਈ 400 ਮਿਲੀ ਸੈਕੰਡ ਦਾ ਸਮਾਂ
ਮਿਯਾਮੀ ਯੂਨੀਵਰਸਿਟੀ ਦੇ ਬਾਇਓਮੈਡੀਕਲ ਇੰਜੀਨੀਅਰਿੰਗ ਵਿਭਾਗ ਵਿਚ ਸਹਾਇਕ ਪ੍ਰੋਫੈਸਰ ਅਭੀਸ਼ੇਕ ਪ੍ਰਸ਼ਾਦ ਨੇ ਦੱਸਿਆ ਕਿ ਇਲੈਕਟ੍ਰੋਡ ਅਤੇ ਕੰਪਿਊਟਰ ਤੋਂ ਸਿਗਨਲਾਂ ਨੂੰ ਦਿਮਾਗ ਤੋਂ ਰੀੜ੍ਹ ਦੀ ਹੱਡੀ ਅਤੇ ਮਾਂਸਪੇਸ਼ੀਆਂ ਤੱਕ ਪਹੁੰਚਣ ਵਿਚ 400 ਮਿਲੀ ਸੈਕੰਡ ਦਾ ਸਮਾਂ ਲੱਗਦਾ ਹੈ। ਸਧਾਰਨ ਵਿਅਕਤੀ ਵਿਚ ਇਸ ਪ੍ਰਕਿਰਿਆ ਨੂੰ ਪੂਰਾ ਹੋਣ ਵਿਚ 60 ਤੋਂ 120 ਮਿਲੀ ਸੈਕੰਡ ਦਾ ਸਮਾਂ ਲੱਗਦਾ ਹੈ। ਪ੍ਰੋਫੈਸਰ ਅਭੀਸ਼ੇਕ ਦੱਸਦੇ ਹਨ ਕਿ ਹਾਲੇ ਇਸ ਪ੍ਰਕਿਰਿਆ ਨੂੰ ਲੈਪਟਾਪ ਨਾਲ ਅੰਜਾਮ ਦਿੱਤਾ ਜਾਂਦਾ ਹੈ। ਜਲਦੀ ਹੀ ਇਸ ਨੂੰ ਮੋਬਾਈਲ ਨਾਲ ਪੂਰਾ ਕਰਨ ਦੀ ਤਿਆਰੀ ਚੱਲ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ- ਸੈਨੇਟਾਈਜ਼ਰ ਲਈ ਲੋਕ ਵਰਤ ਰਹੇ ਨੇ ਵੋਡਕਾ, ਕੰਪਨੀ ਨੇ ਦਿੱਤੀ ਇਹ ਸਲਾਹ
ਪ੍ਰਕਿਰਿਆ ਦੀ ਹਾਲੇ ਸਿਰਫ ਲੈਬ ਵਿਚ ਇਜਾਜ਼ਤ
ਮਿਯਾਮੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਜਿਹੜਾ ਕਮਾਲ ਕੀਤਾ ਹੈ ਉਹ ਸਿਰਫ ਲੈਬ ਵਿਚ ਹੀ ਸੰਭਵ ਹੈ। ਉਹ ਆਪਣੇ ਇਸ ਸ਼ੋਧ ਨੂੰ ਅੱਗ ਵਧਾਉਣ ਲਈ ਸਰਕਾਰ ਤੋਂ ਇਜਾਜ਼ਤ ਲੈਣਾ ਚਾਹੁੰਦੇ ਹਨ। ਵਿਗਿਆਨੀਆਂ ਨੂੰ ਆਸ ਹੈ ਕਿ ਸਾਲ ਦੇ ਅਖੀਰ ਤੱਕ ਅਲਦਾਨਾ ਇਸ ਤਕਨੀਕ ਨੂੰ ਆਪਣੇ ਘਰ ਲਿਜਾ ਸਕੇਗਾ। ਇਸ ਦੀ ਮਦਦ ਨਾਲ ਉਹ ਖੁਦ ਤੋਂ ਭੋਜਨ ਕਰਨ ਦੇ ਬਾਅਦ ਦਰਵਾਜ਼ਾ ਖੋਲ੍ਹਣ ਅਤੇ ਹੋਰ ਸਧਾਰਨ ਕੰਮ ਕਰ ਸਕੇਗਾ।