ਅਮਰੀਕਾ : ਗੋਲੀਬਾਰੀ 'ਚ 29 ਸਾਲਾ ਭਾਰਤੀ ਨੌਜਵਾਨ ਦੀ ਮੌਤ, ਹਾਲ ਹੀ 'ਚ ਹੋਇਆ ਸੀ ਵਿਆਹ

Thursday, Jul 18, 2024 - 12:08 PM (IST)

ਅਮਰੀਕਾ : ਗੋਲੀਬਾਰੀ 'ਚ 29 ਸਾਲਾ ਭਾਰਤੀ ਨੌਜਵਾਨ ਦੀ ਮੌਤ, ਹਾਲ ਹੀ 'ਚ ਹੋਇਆ ਸੀ ਵਿਆਹ

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਬੀਤੀ ਰਾਤ ਅਮਰੀਕਾ ਦੇ ਇੰਡੀਆਨਾ ਸੂਬੇ ਦੇ ਸ਼ਹਿਰ ਇੰਡੀਆਨਾਪੋਲਿਸ ਦੇ ਦੱਖਣ-ਪੂਰਬੀ ਪਾਸੇ 'ਤੇ ਇੱਕ ਸ਼ੱਕੀ ਰੋਡ ਰੇਜ ਤੋਂ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿੱਚ ਇੱਕ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਥਾਨਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਮੰਦਭਾਗੀ ਘਟਨਾ 16 ਜੁਲਾਈ ਦੀ ਰਾਤ 8:15 ਵਜੇ ਦੇ ਆਸ-ਪਾਸ ਦੇ ਕਰੀਬ ਵਾਪਰੀ। 

ਘਟਨਾ ਮਗਰੋਂ ਪੁਲਸ ਅਧਿਕਾਰੀਆਂ ਨੂੰ ਥੌਮਸਨ ਰੋਡ 'ਤੇ ਸਾਊਥ ਐਮਰਸਨ ਐਵੇਨਿਊ 'ਤੇ ਬੁਲਾਇਆ ਗਿਆ। ਜਦੋਂ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ 29 ਸਾਲ ਦਾ ਇਕ ਨੌਜਵਾਨ ਮ੍ਰਿਤਕ ਮਿਲਿਆ, ਜਿਸ ਦਾ ਨਾਂ ਗੈਵਿਨ ਦਾਸੌਰ ਸਪੁੱਤਰ ਪਵਨ ਕੁਮਾਰ ਸੀ ਅਤੇ ਜਿਸ ਦਾ ਭਾਰਤ ਤੋਂ ਪਿਛੋਕੜ ਹਿਮਾਚਲ ਕਾਲੋਨੀ ਆਗਰਾ ਯੂ.ਪੀ ਦੇ ਨਾਲ ਸੀ। ਪੁਲਸ ਨੇ ਉਸ ਨੂੰ ਸੜਕ ਦੇ ਵਿਚਕਾਰ ਮ੍ਰਿਤਕ ਪਿਆ ਦੇਖਿਆ। ਗਵਾਹਾਂ ਨੇ ਪੁਲਸ ਨੂੰ ਦੱਸਿਆ ਕਿ ਗੋਲੀਬਾਰੀ ਇੱਕ ਕਾਲੇ ਰੰਗ ਦੀ ਹੋਂਡਾ ਦੇ ਡਰਾਈਵਰ ਅਤੇ ਇੱਕ ਚਿੱਟੇ ਚੇਵੀ ਪਿਕਅਪ ਟਰੱਕ ਦੇ ਚਾਲਕ ਵਿਚਕਾਰ ਇੱਕ ਸੜਕ 'ਤੇ ਚੱਲਦੇ ਹੋਏ ਹਾਰਨ ਮਾਰਨ 'ਤੇ ਗੁੱਸੇ ਦੀ ਘਟਨਾ ਤੋਂ ਪੈਦਾ ਹੋਈ। ਚਸ਼ਮਦੀਦਾਂ ਨੇ ਦੱਸਿਆ ਕਿ ਦੋਨਾਂ ਵਿਚਕਾਰ ਤਕਰਾਰ ਦੇ ਨਾਲ ਇੰਨਾਂ ਡਰਾਈਵਰਾਂ ਵਿਚਕਾਰ ਬਹਿਸਬਾਜੀ ਹੋਈ ਅਤੇ ਪਿਕਅੱਪ ਦੇ ਡਰਾਈਵਰ ਨੇ ਪਿਕਅਪ ਟਰੱਕ ਵਿੱਚ ਬੈਠੇ ਹੋਏ ਹੀ ਦੂਜੇ ਕਾਰ ਦੇ ਡਰਾਈਵਰ ਨੌਜਵਾਨ ਗੈਵਿਨ ਦਾਸੌਰ ਨੂੰ ਗੋਲੀ ਮਾਰ ਦਿੱਤੀ, ਜਿਸ ਦੀ ਮੋਕੇ 'ਤੇ ਹੀ ਮੌਤ ਹੋ ਗਈ।

ਪੜ੍ਹੋ ਇਹ ਅਹਿਮ ਖ਼ਬਰ-ਚੀਨ : ਡਿਪਾਰਟਮੈਂਟ ਸਟੋਰ 'ਚ ਲੱਗੀ ਅੱਗ, ਹੁਣ ਤੱਕ 16 ਲੋਕਾਂ ਦੀ ਮੌਤ

ਗੋਲੀ ਮਾਰਨ ਵਾਲੇ ਚਾਲਕ ਨੂੰ ਮੌਕੇ 'ਤੇ ਹੀ ਹਿਰਾਸਤ 'ਚ ਲੈ ਲਿਆ ਗਿਆ ਪਰ ਬਾਅਦ 'ਚ ਅਗਲੇਰੀ ਜਾਂਚ ਤੋਂ ਬਾਅਦ ਪੁਲਸ ਵੱਲੋ ਛੱਡ ਦਿੱਤਾ ਗਿਆ। ਮਾਰੇ ਗਏ 29 ਸਾਲਾ ਨੌਜਵਾਨ ਗੈਵਿਨ ਦਾਸੌਰ ਦਾ ਹਾਲ ਹੀ ਵਿੱਚ ਦੋ ਕੁ ਹਫ਼ਤੇ ਪਹਿਲਾਂ ਬੀਤੀ 29 ਜੂਨ ਨੂੰ ਵਿਆਹ ਹੋਇਆ ਸੀ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਅਤੇ ਇਕ ਛੋਟੀ ਭੈਣ ਦਾ ਇਕ ਵੱਡਾ ਭਰਾ ਸੀ। ਮਾਰੇ ਗਏ ਗੈਵਿਨ ਦਾਸੌਰ ਦੀ ਪਤਨੀ ਸਿੰਥਿਆ ਜ਼ਮੋਰਾ ਨੇ ਦੱਸਿਆ ਕਿ ਉਸ ਦਾ ਪਤੀ ਇੱਕ ਮਿਹਨਤੀ ਆਦਮੀ ਸੀ ਜੋ ਹਮੇਸ਼ਾ ਕਿਸੇ ਦੀ ਵੀ ਮਦਦ ਕਰਨ ਲਈ ਅੱਗੇ ਜਾਂਦਾ ਸੀ। ਉਹ ਮੈਨੂੰ ਅਤੇ ਆਪਣੇ ਪਰਿਵਾਰ ਨੂੰ ਦੁਨੀਆ ਦੇ ਸਾਰੇ ਸੁੱਖ ਦੇਣਾ ਚਾਹੁੰਦਾ ਸੀ। ਅਤੇ ਉਹ ਇਸ ਤਰ੍ਹਾਂ ਦੀ ਮੌਤ ਦੇ ਲਾਇਕ ਨਹੀਂ ਸੀ। ਇਹ ਇੰਨੀ ਤ੍ਰਾਸਦੀ ਹੈ ਕਿ ਮੇਰੇ ਪਤੀ ਦੀ ਹੱਤਿਆ ਕਰ ਦਿੱਤੀ ਗਈ ਹੈ। ਵਿਧਵਾ ਜ਼ਮੋਰਾ ਨੇ ਕਿਹਾ, "ਮੇਰਾ ਦਿਲ ਟੁੱਟ ਗਿਆ ਹੈ ਅਤੇ ਮੇਰੀ ਦੁਨੀਆ ਕਦੇ ਵੀ ਪਹਿਲਾਂ ਵਰਗੀ ਨਹੀਂ ਹੋਵੇਗੀ। ਇਸ ਗੋਲੀਬਾਰੀ ਬਾਰੇ ਪੁਲਸ ਨੇ ਕਿਹਾ ਕਿ ਕੋਈ ਵੀ  ਜਾਣਕਾਰੀ ਵਾਲਾ ਵਿਅਕਤੀ ਗੁਮਨਾਮ ਦੇ ਤੌਰ 'ਤੇ ਸੈਂਟਰਲ ਇੰਡੀਆਨਾ ਦੇ ਕ੍ਰਾਈਮ ਸਟਾਪਰਜ਼ ਦੇ ਨਾਲ ਫੋਨ ਨੰ: 317-262-8477 'ਤੇ ਸੰਪਰਕ ਕਰ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News