ਅਜੀਬ ਮਾਮਲਾ! ਮੁਖੌਟਾ ਪਹਿਨੇ ਸ਼ਖਸ ਘਰਾਂ ਦੇ ਬਾਹਰ ਛੱਡ ਗਿਆ ਟੀ.ਵੀ. ਸੈੱਟ

08/19/2019 4:18:47 PM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਸੂਬੇ ਵਰਜੀਨੀਆ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਸਲ ਵਿਚ ਇੱਥੇ ਲੋਕਾਂ ਨੂੰ ਆਪਣੇ ਘਰਾਂ ਦੇ ਪੋਰਚ 'ਤੇ ਪੁਰਾਣੇ ਟੀ.ਵੀ ਸੈੱਟ ਰੱਖੇ ਮਿਲੇ ਹਨ। 10 ਅਗਸਤ ਦੀ ਰਾਤ ਇਕ ਸ਼ਖਸ ਕਰੀਬ 50 ਘਰਾਂ ਦੇ ਬਾਹਰ ਪੁਰਾਣੇ ਟੀ.ਵੀ. ਸੈੱਟ ਛੱਡ ਗਿਆ। ਮਜ਼ੇਦਾਰ ਗੱਲ ਇਹ ਹੈ ਕਿ ਉਸ ਸ਼ਖਸ ਨੇ ਅਜਿਹਾ ਕਰਨ ਦੌਰਾਨ ਪੁਰਾਣੇ ਟੀ.ਵੀ. ਜਿਹਾ ਹੀ ਮੁਖੌਟਾ ਵੀ ਪਹਿਨਿਆ ਹੋਇਆ ਸੀ। 

ਭਾਵੇਂਕਿ ਸ਼ਖਸ ਦੇ ਇਸ ਕੰਮ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਇਹ ਘਟਨਾ ਹੈਰਾਨ ਕਰ ਦੇਣ ਵਾਲੀ ਹੈ। ਸਥਾਨਕ ਵਸਨੀਕ ਜੇਮਜ਼ ਸਾਈਮਨ ਨੇ ਦੱਸਿਆ ਕਿ ਇਹ ਅਜੀਬ ਹੈ। ਨਿਸ਼ਚਿਤ ਤੌਰ 'ਤੇ ਥੋੜ੍ਹਾ ਅਜੀਬ ਪਰ ਇਸ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਸਾਈਮਨ ਨੂੰ ਗਲੇਨ ਐਲਨ ਵਿਚ ਆਪਣੇ ਪੋਰਚ 'ਤੇ ਟੀ.ਵੀ. ਸੈੱਟ ਮਿਲਿਆ ਸੀ। ਸ਼ੁਰੂ ਵਿਚ ਤਾਂ ਉਹ ਖੁਦ ਹੈਰਾਨ ਰਹਿ ਗਿਆ। ਬਾਅਦ ਵਿਚ ਜਦੋਂ ਉਨ੍ਹਾਂ ਨੇ ਆਪਣੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਦੇਖੀ ਤਾਂ ਉਹ ਹੋਰ ਵੀ ਜ਼ਿਆਦਾ ਹੈਰਾਨ ਰਹਿ ਗਏ ਕਿਉਂਕਿ ਟੀ.ਵੀ. ਸੈੱਟ ਛੱਡ ਕੇ ਜਾਣ ਵਾਲਾ ਸ਼ਖਸ ਆਪਣੀ ਪਛਾਣ ਲੁਕਾਉਣ ਲਈ ਖੁਦ ਵੀ ਟੀ.ਵੀ. ਸੈੱਟ ਜਿਹਾ ਹੀ ਮੁਖੌਟਾ ਪਹਿਨੇ ਹੋਏ ਸੀ। 

PunjabKesari

ਫੁਟੇਜ ਮੁਤਾਬਕ ਸਾਈਮਨ ਦੇ ਪੋਰਚ 'ਤੇ ਅਣਜਾਣ ਸ਼ਖਸ ਟੀ.ਵੀ. ਲਿਆ ਕੇ ਰੱਖਦਾ ਹੈ ਅਤੇ ਫਿਰ ਸੀ.ਸੀ.ਟੀ.ਵੀ. ਕੈਮਰੇ ਵੱਲ ਆਪਣਾ ਹੱਥ ਹਿਲਾਉਂਦਾ ਹੈ। ਸਾਈਮਨ ਦੇ ਗੁਆਂਢ ਵਿਚ ਰਹਿਣ ਵਾਲੀ ਜੀਨ ਬਰੁਕਬੈਂਕ ਨੇ ਕਿਹਾ ਕਿ ਉਸ ਨੂੰ ਵੀ ਆਪਣੇ ਪੋਰਚ 'ਤੇ ਇਕ ਟੀ.ਵੀ. ਸੈੱਟ ਮਿਲਿਆ ਸੀ। ਉਸ ਨੇ ਆਪਣੇ ਆਲੇ-ਦੁਆਲੇ ਦੇ ਹੋਰ ਘਰਾਂ ਦੀਆਂ ਤਸਵੀਰਾਂ ਲਈਆਂ, ਜਿੱਥੋਂ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਘਟਨਾ ਦੇ ਬਾਰੇ ਵਿਚ ਪਤਾ ਚੱਲਿਆ। ਇਸ ਮਗਰੋਂ ਉਸ ਨੇ ਪੁਲਸ ਨੂੰ ਫੋਨ ਕੀਤਾ ਅਤੇ ਅਧਿਕਾਰੀਆਂ ਨੂੰ ਟੀ.ਵੀ. ਸੈੱਟ ਵਾਪਸ ਕਰ ਦਿੱਤਾ। 

ਸਥਾਨਕ ਮੀਡੀਆਂ ਖਬਰਾਂ ਵਿਚ ਦਾਅਵਾ ਕੀਤਾ ਹੈ ਗਿਆ ਹੈ ਕਿ ਕਰੀਬ 50 ਘਰਾਂ ਦੇ ਬਾਹਰ ਪੁਰਾਣੇ ਟੀ.ਵੀ. ਸੈੱਟ ਰੱਖੇ ਗਏ ਸਨ। ਪੁਲਸ ਦਾ ਮੰਨਣਾ ਹੈ ਕਿ ਇਕ ਤੋਂ ਵੱਧ ਲੋਕਾਂ ਨੇ ਇਹ ਟੀ.ਵੀ ਸੈੱਟ ਇਲਾਕ ਵਿਚ ਰੱਖੇ ਹੋਣਗੇ। ਭਾਵੇਂਕਿ ਇਹ ਘਟਨਾ ਅਸਧਾਰਨ ਹੈ ਪਰ ਅਜਿਹਾ ਕੋਈ ਕਾਰਨ ਨਹੀਂ ਹੈ ਜਿਸ ਕਾਰਨ ਪਰੇਸ਼ਾਨ ਹੋਣ ਦੀ ਲੋੜ ਹੋਵੇ। ਸਥਾਨਕ ਸਮਾਚਾਰ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਸਾਲ 2018 ਵਿਚ ਵੀ ਇਲਾਕੇ ਵਿਚ ਇਸੇ ਤਰ੍ਹਾਂ ਦਾ ਪ੍ਰੈਂਕ ਕੀਤਾ ਗਿਆ ਸੀ। ਇਸ ਘਟਨਾ ਵਿਚ 20 ਤੋਂ ਵੱਧ ਵਿੰਟੇਜ ਟੀ.ਵੀ. ਸੈੱਟ ਸਾਹਮਣੇ ਵਾਲੇ ਪੋਰਚ 'ਤੇ ਰੱਖੇ ਗਏ ਸਨ।


Vandana

Content Editor

Related News